- Updated: September 13, 2023 09:41 AM
ਅੰਮ੍ਰਿਤਸਰ ਵਿਚ ਦਿਹਾਤੀ ਪੁਲਿਸ ਨੇ ਇਕ ਹੋਰ ਡਰੋਨ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਹ ਡੀਜੇਆਈ ਮਿੰਨੀ ਡਰੋਨ ਹੈ, ਜੋ ਸਰਹੱਦ ਪਾਰੋਂ ਹੈਰੋਇਨ ਦੀ ਖੇਪ ਦੀ ਥੋੜ੍ਹੀ ਮਾਤਰਾ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ। ਪੁਲਿਸ ਨੇ ਡਰੋਨ ਬਰਾਮਦਗੀ ਅਤੇ ਸੂਚਨਾ ਦੇ ਆਧਾਰ ’ਤੇ ਦੋ ਸਮੱਗਲਰਾਂ ਰਾਜਵਿੰਦਰ ਸਿੰਘ ਉਰਫ਼ ਗੋਲਡੀ ਅਤੇ ਰਣਜੀਤ ਸਿੰਘ ਉਰਫ਼ ਰਾਜਾ ਵਾਸੀ ਹਰਦੋਰਤਨਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਥਾਣਾ ਘਰਿੰਡਾ ਦੇ ਐਸਐਚਓ ਨੇ ਦੱਸਿਆ ਕਿ ਗੋਲਡੀ ਅਤੇ ਰਾਜਾ ਬਾਰੇ ਗੁਪਤ ਸੂਚਨਾ ਮਿਲੀ ਸੀ। ਪਤਾ ਲੱਗਿਆ ਸੀ ਕਿ ਇਹ ਦੋਵੇਂ ਪਾਕਿਸਤਾਨੀ ਸਮੱਗਲਰਾਂ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਇਹ ਖੇਪ ਡਰੋਨ ਰਾਹੀਂ ਪਿੰਡ ਧਨੋਆ ਵਿੱਚ ਸੁੱਟੀ ਹੈ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਤੋਂ ਬਾਅਦ ਪਿੰਡ ਧਨੋਆ ਖੁਰਦ ਦੀ ਗ੍ਰਾਮ ਸੁਰੱਖਿਆ ਕਮੇਟੀ (ਵੀਡੀਸੀ) ਦੇ ਸਹਿਯੋਗ ਨਾਲ ਪਿੰਡ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਤਲਾਸ਼ੀ ਦੌਰਾਨ ਦੇਰ ਸ਼ਾਮ ਇੱਕ ਡਰੋਨ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਹਾਲਾਂਕਿ ਇਸ ਦੇ ਨਾਲ ਕੋਈ ਖੇਪ ਜ਼ਬਤ ਨਹੀਂ ਕੀਤੀ ਗਈ।ਡਰੋਨ ਬਰਾਮਦ ਕਰਨ ਤੋਂ ਬਾਅਦ ਪੁਲਿਸ ਨੇ ਦੋਵੇਂ ਤਸਕਰ ਰਾਜਾ ਅਤੇ ਗੋਲਡੀ ਦੇ ਖਿਲਾਫ ਐਨਡੀਪੀਐਸ ਐਕਟ ਦੇ ਨਾਲ-ਨਾਲ ਏਅਰਕ੍ਰਾਫਟ ਐਕਟ 1934 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵੱਲੋਂ ਦੋਵਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।