- Updated: September 15, 2026 05:35 PM
ਨਵਾਂਸ਼ਹਿਰ ਤੋਂ ਫਿਲੌਰ ਜਾਂਦੇ ਮੁੱਖ ਮਾਰਗ ’ਤੇ ਪੈਂਦੇ ਪਿੰਡ ਸੋਢੀਆਂ ਨਜ਼ਦੀਕ ਇਕ ਨੌਜਵਾਨ ਨੂੰ ਅਣਪਛਾਤੇ ਵਾਹਨ ਨੇ ਕੁਚਲ ਦਿੱਤਾ ਜਿਸ ਉਪਰੰਤ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਦਿੰਦਿਆਂ ਪਿੰਡ ਮੀਰਪੁਰ ਲੱਖਾ ਦੇ ਪੰਚ ਨਛੱਤਰ ਮਸੀਹ ਨੇ ਦੱਸਿਆ ਕਿ ਉਸ ਦੇ ਚਾਚੇ ਦਾ ਲੜਕਾ ਲਖਵੀਰ ਰਾਮ ਪੁੱਤਰ ਗੁਰਮੀਤ ਰਾਮ ਵਾਸੀ ਮੀਰਪੁਰ ਲੱਖਾ ਜੋ ਪਿਛਲੇ 12-13 ਸਾਲਾਂ ਤੋਂ ਪਿੰਡ ਮੁਬਾਰਕਪੁਰ ਵਿਖੇ ਰਹਿ ਰਿਹਾ ਸੀ। ਉਸ ਨੇ ਦੱਸਿਆ ਕਿ ਲਖਵੀਰ ਰਾਮ ਬੀਤੀ ਰਾਤ ਆਪਣੀ ਪਤਨੀ ਅਤੇ ਛੋਟੀ ਬੱਚੀ ਸਮੇਤ ਔੜ ਵਿਖੇ ਆਪਣੇ ਸਹੁਰੇ ਘਰ ਆਇਆ ਹੋਇਆ ਸੀ,ਜੋ ਅੱਜ ਸਵੇਰੇ ਸਵਾ ਪੰਜ ਵਜੇ ਦੇ ਕਰੀਬ ਹਲਵਾਈ ਦਾ ਕੰਮ ਕਰਨ ਲਈ ਮੋਟਰਸਾਈਕਲ ’ਤੇ ਸਵਾਰ ਹੋ ਕੇ ਔੜ ਤੋਂ ਨਵਾਂਸ਼ਹਿਰ ਨੂੰ ਜਾ ਰਿਹਾ ਸੀ ਕਿ ਜਦੋਂ ਉਹ ਸਾਢੇ ਪੰਜ ਵਜੇ ਦੇ ਕਰੀਬ ਪਿੰਡ ਸੋਢੀਆਂ ਨਜ਼ਦੀਕ ਪੁੱਜਾ ਤਾਂ ਉਸ ਨੂੰ ਕਿਸੇ ਅਣਪਛਾਤੇ ਵਾਹਨ ਨੇ ਦਰੜ ਦਿੱਤਾ, ਜਿਸ ਕਾਰਨ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ।
ਉਸ ਨੇ ਦੱਸਿਆ ਕਿ ਉਨ੍ਹਾਂ ਨੂੰ ਸੈਰ ਕਰਦੇ ਵਿਅਕਤੀਆਂ ਦਾ ਫੋਨ ਆਇਆ ਕਿ ਉਨਾਂ ਦੇ ਪਿੰਡ ਦਾ ਇਕ ਨੌਜਵਾਨ ਸੜਕ ਤੇ ਮਰਿਆ ਹੋਇਆ ਅਤੇ ਲਹੂ ਲੁਹਾਨ ਹੋਇਆ ਪਿਆ ਹੈ। ਮੌਕੇ ’ਤੇ ਪੁੱਜੀ ਔੜ ਪੁਲਸ ਵੱਲੋਂ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਬੰਧਤ ਸੀ.ਸੀ.ਟੀ.ਵੀ. ਕੈਮਰੇ ਖੰਘਾਲੇ ਜਾ ਰਹੇ ਹਨ ਤਾਂ ਜੋ ਇਸ ਘਟਨਾ ਵਿਚ ਸ਼ਾਮਲ ਵਾਹਨ ਦਾ ਪਤਾ ਲਗਾਇਆ ਜਾ ਸਕੇ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਅਤੇ ਇਕ ਛੋਟੀ ਬੱਚੀ ਛੱਡ ਗਿਆ ਹੈ।