ਹੈਰੋਇਨ ਸਮੱਗਲਿੰਗ ਖ਼ਿਲਾਫ਼ ਪੁਲਸ ਦੀ ਕਾਰਵਾਈ, ਮੁਲਜ਼ਮ ਕਾਬੂ

ਹੈਰੋਇਨ ਸਮੱਗਲਿੰਗ ਖ਼ਿਲਾਫ਼ ਪੁਲਸ ਦੀ ਕਾਰਵਾਈ, ਮੁਲਜ਼ਮ ਕਾਬੂ

ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਪੁਲਸ ਨੇ ਵੱਖ-ਵੱਖ ਖੇਤਰਾਂ ’ਚ ਕੀਤੀ ਛਾਪੇਮਾਰੀ ਦੌਰਾਨ ਹੈਰੋਇਨ ਦਾ ਗ਼ੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ’ਚ ਥਾਣਾ ਅਜਨਾਲਾ ਦੀ ਪੁਲਸ ਨੇ ਵਿਕਰਮਜੀਤ ਸਿੰਘ ਤੋਂ 3 ਗ੍ਰਾਮ ਹੈਰੋਇਨ, ਥਾਣਾ ਭਿੰਡੀਸੈਂਦਾ ਦੀ ਪੁਲਸ ਨੇ ਸ਼ਮਸ਼ੇਰ ਸਿੰਘ ਤੋਂ 4 ਗ੍ਰਾਮ ਹੈਰੋਇਨ ਅਤੇ ਥਾਣਾ ਰਮਦਾਸ ਦੀ ਪੁਲਸ ਨੇ ਗੁਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮਾਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਸੇ ਤਰ੍ਹਾਂ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਹੈਰੋਇਨ ਪੀ ਰਹੇ ਅਨਿਰੁੱਧ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ ਹੈਰੋਇਨ ਲੱਗੀ ਸਿਲਵਰ ਪੰਨੀ, 10 ਰੁਪਏ ਦਾ ਨੋਟ, ਲਾਈਟਰ ਅਤੇ ਪਾਈਪ ਬਰਾਮਦ ਕੀਤੀ।

ਇਸੇ ਤਰ੍ਹਾਂ ਥਾਣਾ ਸਦਰ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਹੈਰੋਇਨ ਦਾ ਗ਼ੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਸਚਿਨਬੀਰ ਸਿੰਘ, ਰੋਹਿਤ ਮਸੀਹ ਅਤੇ ਗੁਰਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ, ਜਿਨ੍ਹਾਂ ਦੇ ਕਬਜ਼ੇ ’ਚੋਂ 50 ਗ੍ਰਾਮ ਹੈਰੋਇਨ ਅਤੇ 6 ਹਜ਼ਾਰ ਰੁਪਏ ਦੀ ਭਾਰਤੀ ਕਰੰਸੀ ਬਰਾਮਦ ਹੋਈ। ਇਸੇ ਤਰ੍ਹਾਂ ਥਾਣਾ ਮੋਹਕਮਪੁਰਾ ਦੀ ਪੁਲਸ ਨੇ ਯਾਦਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਕਬਜ਼ੇ ’ਚੋਂ 7 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਉੱਧਰ ਥਾਣਾ ਸੀ ਡਿਵੀਜ਼ਨ ਦੀ ਪੁਲਸ ਨੇ ਛਾਪੇਮਾਰੀ ਦੌਰਾਨ ਹੈਰੋਇਨ ਪੀ ਰਹੇ ਜੋਬਨਦੀਪ ਸਿੰਘ ਵਾਸੀ ਗਿਲਵਾਲੀ ਗੇਟ ਨੂੰ ਗ੍ਰਿਫ਼ਤਾਰ ਕੀਤਾ ਹੈ। ਤਲਾਸ਼ੀ ਦੌਰਾਨ ਉਸ ਦੇ ਕਬਜ਼ੇ ’ਚੋਂ ਸਿਲਵਰ ਪੰਨੀ, 10 ਰੁਪਏ ਦਾ ਨੋਟ, ਪਾਈਪ ਅਤੇ ਲਾਈਟਰ ਬਰਾਮਦ ਕੀਤਾ। ਪੁਲਸ ਨੇ ਮੁਲਜ਼ਮ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਅਧੀਨ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।