2023 ਦੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਚੈਂਪੀਅਨ ਬਣੇ ਨੀਦਰਲੈਂਡ ਦੇ ਅਨੀਸ਼ ਗਿਰੀ। 

  2023 ਦੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਚੈਂਪੀਅਨ ਬਣੇ ਨੀਦਰਲੈਂਡ ਦੇ ਅਨੀਸ਼ ਗਿਰੀ। 

ਸ਼ਤਰੰਜ ਦਾ ਵਿੰਬਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਦੇ 85ਵੇਂ ਸੈਸ਼ਨ ਦਾ ਖਿਤਾਬ ਮੇਜ਼ਬਾਨ ਦੇਸ਼ ਨੀਦਰਲੈਂਡ ਦੇ ਗ੍ਰੈਂਡ ਮਾਸਟਰ ਅਨੀਸ਼ ਗਿਰੀ ਨੇ ਆਪਣੇ ਨਾਂ ਕਰ ਲਿਆ ਹੈ। ਇਸ ਤੋਂ ਪਹਿਲਾਂ ਅਨੀਸ਼ 2020 ਵਿਚ ਇਹ ਖਿਤਾਬ ਜਿੱਤਣ ਦੇ ਬੇਹੱਦ ਨੇੜੇ ਪਹੁੰਚਿਆ ਸੀ ਪਰ ਦੂਜੇ ਸਥਾਨ ’ਤੇ ਰਿਹਾ ਸੀ। ਹਾਲਾਂਕਿ ਆਖਰੀ ਰਾਊਂਡ ਦੇ ਪਹਿਲੇ 8 ਅੰਕ ਬਣਾ ਕੇ ਉਜਬੇਕਿਸਤਾਨ ਦੇ ਨੌਜਵਾਨ ਖਿਡਾਰੀ ਅਬਦੁਸੱਤਾਰੋਵ ਨੋਦਿਰਬੇਕ ਇਸ ਨੂੰ ਜਿੱਤਣ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਿਹਾ ਸੀ ਪਰ ਆਖਰੀ ਰਾਊਂਡ ਵਿਚ ਨੀਦਰਲੈਂਡ ਦੇ ਹੀ ਜੌਰਡਨ ਫੋਰੈਸਟ ਹੱਥੋਂ ਉਸ ਨੂੰ ਹੈਰਾਨੀਜਨਕ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਅਜਿਹੇ ਵਿਚ ਅਨੀਸ਼ ਗਿਰੀ ਨੇ ਸਫੈਦ ਮੋਹਰਿਆਂ ਨਾਲ ਇਕ ਰੋਮਾਂਚਕ ਮੁਕਾਬਲੇ ਵਿਚ ਰੋਮਾਨੀਆ ਦੇ ਰਿਚਰਡ ਰਾਪਰਟੋ ਨੂੰ ਹਰਾਉਂਦੇ ਹੋਏ 8.5 ਅੰਕ ਬਣਾ ਕੇ ਖਿਤਾਬ ਆਪਣੇ ਨਾਂ ਕਰ ਲਿਆ ਤੇ ਅਬਦੁਸੱਤਾਰੋਵ ਦੂਜੇ ਸਥਾਨ ’ਤੇ ਰਿਹਾ।

                                                Image

ਵਿਸ਼ਵ ਚੈਂਪੀਅਨ ਨਾਰਵੇ ਦੇ ਮੈਗਨਸ ਕਾਰਲਸਨ ਨੇ ਭਾਰਤ ਦੇ ਅਰਜੁਨ ਐਰਗਾਸੀ ਨੂੰ ਹਰਾਉਂਦੇ ਹੋਏ 8 ਅੰਕ ਬਣਾ ਕੇ ਤੀਜਾ ਸਥਾਨ ਹਾਸਲ ਕਰ ਲਿਆ। ਆਖਰੀ ਰਾਊਂਡ ਵਿਚ ਭਾਰਤ ਦੇ ਡੀ. ਗੁਕੇਸ਼ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ ਤੇ ਪ੍ਰਗਿਆਨੰਦਾ ਨੇ ਯੂ. ਐੱਸ. ਏ. ਦੇ ਵੇਸਲੀ ਸੋ ਨਾਲ ਬਾਜ਼ੀ ਡਰਾਅ ਖੇਡੀ। 13 ਰਾਊਂਡਾਂ ਤੋਂ ਬਾਅਦ ਫਾਈਨਲ ਰੈਂਕਿੰਗ ਵਿਚ ਅਨੀਸ਼, ਅਬਦੁਸੱਤੋਰਾਵ ਤੇ ਕਾਰਲਸਨ ਤੋਂ ਬਾਅਦ ਯੂ. ਐੱਸ. ਏ. ਦੇ ਲੇਵੋਨ ਅਰੋਨੀਅਨ ਤੇ ਰੋਮਾਨੀਆ ਦੇ ਰਿਚਰਡ ਰਾਪਰਟੋ (6.5), ਭਾਰਤ ਦੇ ਪ੍ਰਗਿਆਨੰਦਾ ਤੇ ਨੀਦਰਲੈਂਡ ਦੇ ਜੌਰਡਨ ਫੋਰੈਸਟ (6), ਚੀਨ ਦੇ ਡਿੰਗ ਲੀਰੇਨ ਤੇ ਭਾਰਤ ਦੇ ਡੀ. ਗੁਕੇਸ਼ (5.5), ਜਰਮਨੀ ਦੇ ਵਿਨਸੇਂਟ ਕੇਮਰ (5) ਤੇ ਭਾਰਤ ਦੇ ਅਰਜੁਨ ਐਰਗਾਸੀ (4) ਕ੍ਰਮਵਾਰ ਚੌਥੇ ਤੋਂ 14ਵੇਂ ਸਥਾਨ ’ਤੇ ਰਹੇ।