ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖ਼ਬਰ ਨੂੰ ਲੈ ਕੇ ਸਾਹਮਣੇ ਆਇਆ ਪੂਰਾ ਸੱਚ

ਗੋਲਡੀ ਬਰਾੜ ਦੇ ਮਾਰੇ ਜਾਣ ਦੀਆਂ ਖ਼ਬਰ ਨੂੰ ਲੈ ਕੇ ਸਾਹਮਣੇ ਆਇਆ ਪੂਰਾ ਸੱਚ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਮਾਸਟਰ ਮਾਈਂਡ ਅਤੇ ਲਾਰੈਂਸ ਬਿਸ਼ੋਨਈ ਦੇ ਖਾਸਮ-ਖਾਸ ਖ਼ਤਰਨਾਕ ਗੈਂਗਸਟਰ ਗੋਲਡੀ ਬਰਾੜ ਦੀ ਮੌਤ ਦੀ ਖ਼ਬਰ ਝੂਠੀ ਨਿਕਲੀ ਹੈ। ਬੁੱਧਵਾਰ ਨੂੰ ਗੋਲਡੀ ਦੇ ਅਮਰੀਕਾ ਵਿਚ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਅੱਗ ਵਾਂਗ ਸੋਸ਼ਲ ਮੀਡੀਆ 'ਤੇ ਫੈਲ ਗਈਆਂ। ਦਰਅਸਲ ਇਹ ਕਨਫਿਊਜ਼ਨ ਇਕੋ ਜਿਹੇ ਨਾਮ ਅਤੇ ਮਿਲਦੀ ਜੁਲਦੀ ਸ਼ਕਲ ਕਾਰਣ ਹੋਈ ਸੀ। ਸੂਤਰਾਂ ਮੁਤਾਬਕ ਮਰਨ ਵਾਲੇ ਵਿਅਕਤੀ ਦਾ ਨਾਮ ਗਲੇਡਨੀ ਸੀ, ਗੋਲਡੀ ਨਾਲ ਮਿਲਦੇ ਜੁਲਦੇ ਨਾਮ ਕਰਕੇ ਅਤੇ ਥੋੜੀ ਬਹੁਤ ਸ਼ਕਲ ਮਿਲਦੀ ਹੋਣ ਕਾਰਣ ਇਹ ਕਨਫਿਊਜ਼ਨ ਹੋਈ । ਜਦੋਂ ਅਮਰੀਕਾ ਦੇ ਫਰਿਜ਼ਨੋ 'ਚ ਗਲੇਡਨੀ ਨੇ ਦੇ ਵਿਅਕਤੀ 'ਤੇ ਗੋਲੀਬਾਰੀ ਹੋਈ ਤਾਂ ਗਲੇਡਨੀ ਸੋਸ਼ਲ ਮੀਡੀਆ 'ਤੇ ਗੋਲਡੀ ਬਣ ਗਿਆ। 

ਗੋਲਡੀ ਬਰਾੜ ਦੀ ਮੌਤ ਦੀਆਂ ਖ਼ਬਰਾਂ ਤੋਂ ਬਾਅਦ ਕੱਲ੍ਹ ਸ਼ਾਮ ਅਮਰੀਕੀ ਪੁਲਸ ਦਾ ਬਿਆਨ ਵੀ ਸਾਹਮਣੇ ਆਇਆ। ਜਿਸ ਵਿਚ ਲੈਫਟੀਨੈਂਟ ਵਿਲੀਅਮ ਜੇ. ਡੂਲੇ ਨੇ ਕਿਹਾ ਕਿ ਜੇਕਰ ਤੁਸੀਂ ਆਨਲਾਈਨ ਖ਼ਬਰਾਂ ਕਰਕੇ ਇਹ ਦਾਅਵਾ ਕਰ ਰਹੇ ਹੋ ਕਿ ਗੋਲੀਬਾਰੀ ਦਾ ਸ਼ਿਕਾਰ ‘ਗੋਲਡੀ ਬਰਾੜ’ ਹੈ ਤਾਂ ਅਸੀਂ ਪੁਸ਼ਟੀ ਕਰ ਸਕਦੇ ਹਾਂ ਕਿ ਇਹ ਬਿਲਕੁਲ ਸੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਆਨਲਾਈਨ ਨਿਊਜ਼ ਏਜੰਸੀਆਂ ਵਲੋਂ ਫੈਲਾਈ ਜਾ ਰਹੀ ਗਲਤ ਜਾਣਕਾਰੀ ਦੇ ਨਤੀਜੇ ਵਜੋਂ ਸਵੇਰ ਤੋਂ ਹੀ ਦੁਨੀਆ ਭਰ ਤੋਂ ਸਾਡੇ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਹ ਅਫਵਾਹ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ ਪਰ ਫਿਰ ਵੀ ਇਹ ਸੱਚ ਨਹੀਂ ਹੈ। ਮਾਰਿਆ ਗਿਆ ਵਿਅਕਤੀ ਯਕੀਨੀ ਤੌਰ ’ਤੇ ਗੋਲਡੀ ਬਰਾੜ ਨਹੀਂ ਹੈ।