ਗਰਮੀ ਨੇ ਪੰਜਾਬ ’ਚ ਲੋਕਾਂ ਦਾ ਕੀਤਾ ਬੁਰਾ ਹਾਲ, ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਗਰਮੀ ਨੇ ਪੰਜਾਬ ’ਚ ਲੋਕਾਂ ਦਾ ਕੀਤਾ ਬੁਰਾ ਹਾਲ, ਮੌਸਮ ਵਿਭਾਗ ਵਲੋਂ ਅਲਰਟ ਜਾਰੀ

ਪੰਜਾਬ ’ਚ ਇਸ ਸਮੇਂ ਭਿਆਨਕ ਗਰਮੀ ਪੈ ਰਹੀ ਹੈ। ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ। ਮੌਸਮ ਕੇਂਦਰ ਚੰਡੀਗੜ੍ਹ ਨੇ 20 ਮਈ ਤੱਕ ਮੌਸਮ ਦਾ ਰੈੱਡ ਤੇ ਆਰੈਂਜ ਅਲਰਟ ਜਾਰੀ ਕੀਤਾ ਹੋਇਆ ਹੈ ਜਿਸ ਵਿਚ ਲੂ ਚੱਲੇਗੀ ਤੇ ਗਰਮੀ ਪਰੇਸ਼ਾਨ ਕਰੇਗੀ। ਬੀਤੇ ਦਿਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਤੇਜ਼ ਧੁੱਪ ਨਿਕਲੀ ਤੇ ਗਰਮੀ ਨੇ ਬੁਰਾ ਹਾਲ ਕੀਤਾ।

ਬਠਿੰਡਾ ਜ਼ਿਲ੍ਹਾ ਸਭ ਤੋਂ ਗਰਮ ਰਿਹਾ, ਜਿਥੇ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇਸ ਤੋਂ ਇਲਾਵਾ ਦੋ ਹੋਰ ਜ਼ਿਲ੍ਹਿਆਂ ’ਚ ਫ਼ਰੀਦਕੋਟ ਦਾ ਵੱਧ ਤੋਂ ਵੱਧ ਤਾਪਮਾਨ 43.5 ਡਿਗਰੀ ਸੈਲਸੀਅਸ ਤੇ ਫ਼ਿਰੋਜ਼ਪੁਰ ਦਾ 43.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਜ਼ਿਲ੍ਹਾ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 42.5 ਡਿਗਰੀ ਸੈਲਸੀਅਸ, ਲੁਧਿਆਣਾ, ਪਟਿਆਲਾ ਤੇ ਪਠਾਨਕੋਟ ਦਾ ਵੱਧ ਤੋਂ ਵੱਧ ਤਾਪਮਾਨ ਕ੍ਰਮਵਾਰ 42.3 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

ਮੌਸਮ ਕੇਂਦਰ ਚੰਡੀਗੜ੍ਹ ਦੀ ਜਾਰੀ ਐਡਵਾਈਜ਼ਰੀ ਮੁਤਾਬਕ ਉੱਤਰੀ ਖੇਤਰ ਵਿਚ ਆਉਣ ਵਾਲੇ ਦੋ ਦਿਨਾਂ ਵਿਚ ਤਾਪਮਾਨ ਦੋ ਡਿਗਰੀ ਸੈਲਸੀਅਸ ਤੱਕ ਵੱਧ ਸਕਦਾ ਹੈ। 20 ਮਈ ਤੱਕ ਪੰਜਾਬ ਵਿਚ ਲੂ ਵਰਗੇ ਹਾਲਾਤ ਕਾਇਮ ਰਹਿਣਗੇ। ਦੱਸ ਦੇਈਏ ਕਿ ਸਰਕਾਰ ਨੇ ਬੀਤੇ ਦਿਨੀਂ ਗਰਮੀ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲਾਂ ਵਿਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। 1 ਜੂਨ ਤੋਂ ਲੈ ਤੇ 30 ਜੂਨ ਤੱਕ  ਸੂਬੇ ਦੇ ਸਾਰੇ ਸਕੂਲ ਬੰਦ ਰਹਿਣਗੇ।