- Updated: October 30, 2026 08:00 PM
ਆਮ ਆਦਮੀ ਪਾਰਟੀ (ਆਪ) ਕੱਲ੍ਹ ਦੁਪਹਿਰ 12 ਵਜੇ ਪੰਜਾਬ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ‘ਆਪ’ ਨੇ ਉਮੀਦਵਾਰਾਂ ਦੇ ਨਾਵਾਂ ‘ਤੇ ਚਰਚਾ ਕਰਨ ਲਈ ਦਿੱਲੀ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿੱਚ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਮਾਨ ਸ਼ਾਮਲ ਹੋਏ।
CM ਮਾਨ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ 2027 ਸਬੰਧੀ ਅੱਜ ਇੱਕ ਮੀਟਿੰਗ ਹੋਈ। ਪਾਰਟੀ ਪ੍ਰਧਾਨ ਅਮਨ ਅਰੋੜਾ ਅਤੇ ਪੀਏਸੀ ਮੈਂਬਰ ਹਰਪਾਲ ਚੀਮਾ ਨੇ ਵਰਚੁਅਲੀ ਮੀਟਿੰਗ ਵਿੱਚ ਸ਼ਿਰਕਤ ਕੀਤੀ। ਕਈ ਨਾਵਾਂ ‘ਤੇ ਚਰਚਾ ਕੀਤੀ ਗਈ ਅਤੇ ਉਨ੍ਹਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। ਅੱਜ ਸ਼ਾਮ ਪੀਏਸੀ ਨੂੰ ਨਾਮ ਭੇਜੇ ਜਾਣਗੇ। ਪੀਏਸੀ ਕੱਲ੍ਹ ਮੀਟਿੰਗ ਕਰੇਗੀ, ਜਿਸ ਤੋਂ ਬਾਅਦ ਨਾਵਾਂ ਨੂੰ ਜਨਤਕ ਕੀਤਾ ਜਾਵੇਗਾ। ਪਹਿਲੀ ਸੂਚੀ ਕੱਲ੍ਹ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਅਸੀਂ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਕੰਮ ਦੇ ਆਧਾਰ ‘ਤੇ ਵੋਟਾਂ ਮੰਗਾਂਗੇ। ਅਸੀਂ ਪੰਜਾਬ ਵਿੱਚ ਕੀਤੇ ਵਿਕਾਸ ਕਾਰਜਾਂ ‘ਤੇ ਚਰਚਾ ਕਰਾਂਗੇ। ਅਸੀਂ ਪਾਜ਼ੀਟਿਵ ਪਾਲਿਟਕਸ ਕਰਾਂਗੇ। ਉਨ੍ਹਾਂ ਕਿਹਾ ਕਿ ਅਸੀਂ ਜਨਤਕ ਸਰਵੇਖਣ ਨੂੰ ਧਿਆਨ ਵਿੱਚ ਰੱਖਦੇ ਹੋਏ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਦਿੱਤਾ ਹੈ। ਅਸੀਂ ਦੇਖਿਆ ਹੈ ਕਿ ਕਿਸ ਨੂੰ ਪਸੰਦ ਕੀਤਾ ਗਿਆ ਹੈ ਅਤੇ ਕਿਸ ਨੂੰ ਨਹੀਂ।
‘ਆਪ’ ਸੂਤਰਾਂ ਮੁਤਾਬਕ ਕੱਲ੍ਹ ਦਿੱਲੀ ਵਿੱਚ ਇੱਕ ਹੋਰ ਮੀਟਿੰਗ ਹੋਵੇਗੀ, ਜਿਸ ਤੋਂ ਬਾਅਦ ਸੂਚੀ ਜਨਤਕ ਕੀਤੀ ਜਾਵੇਗੀ। ਆਮ ਆਦਮੀ ਪਾਰਟੀ ਕਿੰਨੇ ਉਮੀਦਵਾਰਾਂ ਦਾ ਐਲਾਨ ਕਰੇਗੀ, ਇਸ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ, ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮੌਜੂਦਾ ਵਿਧਾਇਕਾਂ ਜਾਂ ਹਲਕਾ ਇੰਚਾਰਜਾਂ ਦੇ ਨਾਮ ਜਿਨ੍ਹਾਂ ‘ਤੇ ਕੋਈ ਵਿਰੋਧ ਨਹੀਂ ਹੈ, ਪਹਿਲੀ ਸੂਚੀ ਵਿੱਚ ਆ ਸਕਦੇ ਹਨ।