- Updated: October 30, 2026 11:12 AM
ਕੈਨੇਡਾ ਵਿਚ ਬ੍ਰਿਟਿਸ਼ ਕੋਲੰਬੀਆ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਲੰਮਾ ਸਮਾਂ ਮਜ਼ਦੂਰਾਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੇ ਪ੍ਰਮੁੱਖ ਆਗੂ ਹਰਕੰਵਲ ਸਿੰਘ ਹੈਰੀ ਬੈਂਸ ਨੂੰ ਵਕਾਰੀ ਕਵਾਂਟਲਨ ਪੌਲੀਟੈਕਨਿਕ ਯੂਨੀਵਰਸਿਟੀ ਦਾ ਨਵਾਂ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਇਸ ਵਕਾਰੀ ਵਿੱਦਿਅਕ ਅਹੁਦੇ 'ਤੇ ਪਹੁੰਚਣ ਵਾਲੇ ਉਹ ਪਹਿਲੇ ਪੰਜਾਬੀ ਅਤੇ ਪ੍ਰਵਾਸੀ ਹਨ। ਉਨ੍ਹਾਂ ਨੇ ਅਕਤੂਬਰ 2026 ਵਿਚ ਯੂਨੀਵਰਸਿਟੀ ਦੇ ਚੌਥੇ ਚਾਂਸਲਰ ਵਜੋਂ ਆਪਣੀ ਜ਼ਿੰਮੇਵਾਰੀ ਰਸਮੀ ਤੌਰ 'ਤੇ ਸੰਭਾਲ ਲਈ ਹੈ।
ਉਹ ਸਾਬਕਾ ਚੀਫ਼ ਕਿਮ ਬੇਅਰਡ ਦੀ ਥਾਂ ਲੈ ਰਹੇ ਹਨ। ਯੂਨੀਵਰਸਿਟੀ ਦੇ ਰਸਮੀ ਮੁਖੀ ਵਜੋਂ ਹੈਰੀ ਬੈਂਸ ਹੁਣ ਕਨਵੋਕੇਸ਼ਨ ਦੀ ਪ੍ਰਧਾਨਗੀ ਕਰਨਗੇ ਅਤੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨਗੇ। ਦੱਸ ਦਈਏ ਕਿ ਹੈਰੀ ਬੈਂਸ ਦਾ ਇਸ ਯੂਨੀਵਰਸਿਟੀ ਨਾਲ ਰਿਸ਼ਤਾ ਕਾਫ਼ੀ ਪੁਰਾਣਾ ਹੈ। ਉਹ 1990 ਦੇ ਦਹਾਕੇ ਦੌਰਾਨ ਛੇ ਸਾਲਾਂ ਲਈ ਕੇ.ਪੀ.ਯੂ. ਦੇ ਬੋਰਡ ਆਫ਼ ਗਵਰਨਰਜ਼ ਦੇ ਮੈਂਬਰ ਰਹੇ ਸਨ, ਜਿਸ ਵਿਚ ਤਿੰਨ ਸਾਲ ਉਨ੍ਹਾਂ ਨੇ ਉਪ-ਚੇਅਰਮੈਨ ਵਜੋਂ ਸੇਵਾ ਨਿਭਾਈ।
ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸਮਾਜਿਕ ਅਤੇ ਰਾਜਨੀਤਿਕ ਪ੍ਰਾਪਤੀਆਂ ਨੂੰ ਦੇਖਦੇ ਹੋਏ ਸਾਲ 2025 ਵਿੱਚ 'ਡਾਕਟਰ ਆਫ਼ ਲਾਅਜ਼' ਦੀ ਆਨਰੇਰੀ ਡਿਗਰੀ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। 74 ਸਾਲਾ ਹੈਰੀ ਬੈਂਸ ਪੰਜਾਬ ਦੇ ਫਗਵਾੜਾ ਨੇੜਲੇ ਪਿੰਡ ਹਰਦਾਸਪੁਰ ਦੇ ਜੰਮਪਲ ਹਨ ਅਤੇ ਸਾਲ 1971 ਵਿੱਚ ਕੈਨੇਡਾ ਆਏ ਸਨ। ਕੈਨੇਡਾ ਆ ਕੇ ਸ਼ੁਰੂਆਤ ਵਿਚ ਉਨ੍ਹਾਂ ਨੇ ਇੱਕ ਆਰਾ ਮਿੱਲ ਵਿਚ ਕੰਮ ਕੀਤਾ, ਜਿੱਥੇ ਕਾਮਿਆਂ ਦੀ ਹਾਲਤ ਸੁਧਾਰਨ ਲਈ ਉਹ ਯੂਨੀਅਨ ਦੀਆਂ ਗਤੀਵਿਧੀਆਂ ਵਿਚ ਸਰਗਰਮ ਹੋ ਗਏ।
ਉਹ ਲਗਭਗ 15 ਸਾਲ ਸਟੀਲ ਵਰਕਰਜ਼-ਆਈ.ਡੀ.ਐੱਲ.ਯੂ. ਕੈਨੇਡਾ ਲੋਕਲ 2171 ਵਿਚ ਵੱਖ-ਵੱਖ ਆਗੂ ਅਹੁਦਿਆਂ 'ਤੇ ਰਹੇ। ਸਾਲ 2005 ਵਿਚ ਉਹ ਪਹਿਲੀ ਵਾਰ ਨਿਊ ਡੈਮੋਕਰੈਟਿਕ ਪਾਰਟੀ ਦੀ ਟਿਕਟ 'ਤੇ ਸਰੀ-ਨਿਊਟਨ ਹਲਕੇ ਤੋਂ ਵਿਧਾਇਕ ਚੁਣੇ ਗਏ ਸਨ। ਉਹ ਲਗਾਤਾਰ 19 ਸਾਲ ਵਿਧਾਇਕ ਰਹੇ ਅਤੇ 2017 ਤੋਂ 2024 ਤੱਕ ਬ੍ਰਿਟਿਸ਼ ਕੋਲੰਬੀਆ ਦੇ ਕਿਰਤ ਮੰਤਰੀ ਵਜੋਂ ਇਤਿਹਾਸਕ ਸੁਧਾਰ ਕੀਤੇ।
ਕਿਰਤ ਮੰਤਰੀ ਵਜੋਂ ਉਨ੍ਹਾਂ ਨੇ ਸੂਬੇ ਵਿਚ ਘੱਟੋ-ਘੱਟ ਉਜਰਤ ਵਧਾਉਣ ਅਤੇ ਕਾਮਿਆਂ ਲਈ ਸਾਲਾਨਾ 5 ਦਿਨਾਂ ਦੀ ਬਿਮਾਰੀ ਦੀ ਤਨਖ਼ਾਹ ਸਮੇਤ ਛੁੱਟੀ ਯਕੀਨੀ ਬਣਾਉਣ ਵਰਗੇ ਵੱਡੇ ਫੈਸਲੇ ਲਏ। ਉਨ੍ਹਾਂ ਨੇ ਸਤੰਬਰ 2024 ਵਿਚ ਸਰਗਰਮ ਸਿਆਸਤ ਤੋਂ ਸੰਨਿਆਸ ਲਿਆ ਸੀ। ਕੇ.ਪੀ.ਯੂ. ਦੀ ਪ੍ਰਧਾਨ ਡਾ. ਡਾਇਨ ਪਰਵੀ ਨੇ ਉਨ੍ਹਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਹੈਰੀ ਬੈਂਸ ਪਿਛਲੇ ਕਈ ਦਹਾਕਿਆਂ ਤੋਂ ਯੂਨੀਵਰਸਿਟੀ ਦੇ ਸੱਚੇ ਦੋਸਤ ਰਹੇ ਹਨ ਅਤੇ ਉਨ੍ਹਾਂ ਦੀ ਵਿਸ਼ਾਲ ਅਗਵਾਈ ਸੰਸਥਾ ਨੂੰ ਹੋਰ ਉਚਾਈਆਂ 'ਤੇ ਲੈ ਕੇ ਜਾਵੇਗੀ।