ਵੱਡੀ ਖ਼ਬਰ:ਲੱਦਾਖ ''ਚ ਖੱਡ ''ਚ ਡਿੱਗੀ ਫ਼ੌਜ ਦੀ ਗੱਡੀ, 9 ਜਵਾਨ ਸ਼ਹੀਦ,PM ਮੋਦੀ ਤੇ ਰਾਜਨਾਥ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ

ਵੱਡੀ ਖ਼ਬਰ:ਲੱਦਾਖ ''ਚ ਖੱਡ ''ਚ ਡਿੱਗੀ ਫ਼ੌਜ ਦੀ ਗੱਡੀ, 9 ਜਵਾਨ ਸ਼ਹੀਦ,PM ਮੋਦੀ ਤੇ ਰਾਜਨਾਥ ਸਿੰਘ ਵੱਲੋਂ ਦੁੱਖ ਦਾ ਪ੍ਰਗਟਾਵਾ

ਲੱਦਾਖ 'ਚ ਫ਼ੌਜ ਦੀ ਗੱਡੀ ਡੂੰਘੀ ਖੱਡ 'ਚ ਡਿੱਗ ਗਈ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ 'ਚ 9 ਜਵਾਨ ਸ਼ਹੀਦ ਹੋ ਗਏ, ਜਦਕਿ ਇਕ ਜਵਾਨ ਜ਼ਖ਼ਮੀ ਹੋ ਗਿਆ ਹੈ। ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਕੇਂਦਰ ਸ਼ਾਸਤ ਪ੍ਰਦੇਸ਼ ਲੱਦਾਖ ਦੇ ਲੇਹ ਜ਼ਿਲ੍ਹੇ ਵਿਚ ਸ਼ਨੀਵਾਰ ਨੂੰ ਇਕ ਵਾਹਨ ਸੜਕ ਤੋਂ ਫਿਸਲ ਕੇ ਡੂੰਘੀ ਖੱਡ ਵਿਚ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਦੱਖਣੀ ਲੱਦਾਖ ਦੇ ਨਯੋਮਾ ਦੇ ਕੇਰੇ 'ਚ ਸ਼ਨੀਵਾਰ ਸ਼ਾਮ ਨੂੰ ਵਾਪਰਿਆ। ਉਨ੍ਹਾਂ ਦੱਸਿਆ ਕਿ ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।

ਮੀਡੀਆ ਰਿਪੋਰਟਾਂ ਵਿਚ ਦੱਸਿਆ ਜਾ ਰਿਹਾ ਹੈ ਕਿ ਭਾਰਤੀ ਫ਼ੌਜ ਦੇ ਦਸਤੇ ਵਿਚ ਤਿੰਨ ਵਾਹਨ ਸ਼ਾਮਲ ਸਨ। ਇਸ ਵਿਚੋਂ ਫੌਜ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਦਸਤੇ ਵਿਚ ਤਿੰਨ ਅਧਿਕਾਰੀ, ਦੋ ਜੇ.ਸੀ.ਓ. ਅਤੇ 34 ਜਵਾਨ ਸ਼ਾਮਲ ਸਨ। ਤਿੰਨ ਵਾਹਨਾਂ ਦੇ ਇਸ ਦਸਤੇ ਵਿਚ ਇਕ ਜਿਪਸੀ, ਇਕ ਟਰੱਕ ਅਤੇ ਇਕ ਐਂਬੂਲੈਂਸ ਸੀ। ਲੱਦਾਖ ਦਾ ਉਹ ਇਲਾਕਾ ਜਿੱਥੇ ਇਹ ਹਾਦਸਾ ਹੋਇਆ ਹੈ, ਉਹ ਦੂਰ-ਦੁਰਾਡੇ ਦਾ ਇਲਾਕਾ ਹੈ।

ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਕਿ ਕਿਆਰੀ ਪਿੰਡ ਤੋਂ ਸੱਤ ਕਿਲੋਮੀਟਰ ਪਹਿਲਾਂ ਫੌਜ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਖਾਈ ਵਿਚ ਡਿੱਗ ਗਈ। ਇਸ ਹਾਦਸੇ ਵਿਚ ਅੱਠ ਜਵਾਨ ਅਤੇ ਇਕ ਜੇਸੀਓ ਦੀ ਮੌਤ ਹੋ ਗਈ ਹੈ। ਹਾਦਸੇ 'ਚ ਇਕ ਜਵਾਨ ਵੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਫੌਜ ਦਾ ਇਹ ਗਸ਼ਤੀ ਦਲ ਕਰੂ ਤੋਂ ਕਿਆਰੀ ਵੱਲ ਜਾ ਰਿਹਾ ਸੀ, ਜਦੋਂ ਇਹ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਫਿਲਹਾਲ ਮੌਕੇ 'ਤੇ ਬਚਾਅ ਕਾਰਜ ਜਾਰੀ ਹੈ।

ਇਸ ਮੰਦਭਾਗੇ ਹਾਦਸੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਰਾਹੀਂ ਪੀ.ਐੱਮ. ਮੋਦੀ ਦਾ ਬਿਆਨ ਸਾਂਝਾ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ, "ਲੇਹ ਨੇੜੇ ਵਾਪਰੇ ਹਾਦਸੇ ਤੋਂ ਦੁਖੀ ਹਾਂ ਜਿਸ ਵਿਚ ਅਸੀਂ ਭਾਰਤੀ ਫ਼ੌਜ ਦੇ ਜਵਾਨ ਗੁਆ ਦਿੱਤੇ ਹਨ। ਉਨ੍ਹਾਂ ਦੀ ਦੇਸ਼ ਪ੍ਰਤੀ ਵਡਮੁੱਲੀ ਸੇਵਾ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਦੁਖੀ ਪਰਿਵਾਰਾਂ ਨਾਲ ਹਮਦਰਦੀ। ਜੋ ਜ਼ਖਮੀ ਹੋਏ ਹਨ ਉਹ ਜਲਦੀ ਠੀਕ ਹੋ ਜਾਣ।"

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਦਿਆਂ ਲਿਖਿਆ, "ਲੱਦਾਖ 'ਚ ਲੇਹ ਨੇੜੇ ਵਾਪਰੇ ਹਾਦਸੇ 'ਚ ਭਾਰਤੀ ਫੌਜ ਦੇ ਜਵਾਨਾਂ ਦੇ ਮਾਰੇ ਜਾਣ 'ਤੇ ਬਹੁਤ ਦੁਖੀ ਹਾਂ। ਅਸੀਂ ਆਪਣੇ ਦੇਸ਼ ਲਈ ਉਨ੍ਹਾਂ ਦੀ ਮਿਸਾਲੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ। ਦੁਖੀ ਪਰਿਵਾਰਾਂ ਦੇ ਨਾਲ ਮੇਰੀ ਹਮਦਰਦੀ ਹੈ। ਜ਼ਖ਼ਮੀ ਜਵਾਨਾਂ ਨੂੰ ਫੀਲਡ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਿਹਾ ਹਾਂ।"