ਤੇਜ਼ ਰਫ਼ਤਾਰ ਐਕਟਿਵਾ ਦੀ ਲਪੇਟ ’ਚ ਆਈ ਮਹਿਲਾ, ਮੌਤ

ਤੇਜ਼ ਰਫ਼ਤਾਰ ਐਕਟਿਵਾ ਦੀ ਲਪੇਟ ’ਚ ਆਈ ਮਹਿਲਾ, ਮੌਤ

ਕੋਹਾੜਾ-ਮਾਛੀਵਾੜਾ ਰੋਡ ’ਤੇ ਨਾਮਧਾਰੀ ਫ਼ੈਕਟਰੀ ਨੇੜੇ ਤੇਜ਼ ਰਫ਼ਤਾਰ ਐਕਟਿਵਾ ਦੀ ਟੱਕਰ ਨਾਲ ਇਕ ਔਰਤ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਐਕਟਿਵਾ ਚਾਲਕ ਆਪਣਾ ਵਾਹਨ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਪੁਲਸ ਨੇ ਮ੍ਰਿਤਕਾ ਦੇ ਪਤੀ ਦੇ ਬਿਆਨਾਂ ’ਤੇ ਐਕਟਿਵਾ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਪੁਲਸ ਨੂੰ ਦਿੱਤੇ ਬਿਆਨ ’ਚ ਮਦਨਪਾਲ ਪੁੱਤਰ ਰਾਮ ਅਵਤਾਰ ਵਾਸੀ ਪਿੰਡ ਰਈਆਂ ਲੱਕੀ ਕਲੋਨੀ ਨੇ ਦੱਸਿਆ ਕਿ 28 ਸਤੰਬਰ ਨੂੰ ਉਹ ਆਪਣੀ ਪਤਨੀ ਤਾਰਾਵਤੀ ਅਤੇ ਧੀ ਮੀਨਾ ਨੂੰ ਕੰਮ ਤੋਂ ਛੁੱਟੀ ਕਰਵਾ ਕੇ ਪਿੰਡ ਰਈਆਂ ਵੱਲ ਆ ਰਿਹਾ ਸੀ। ਜਦੋਂ ਉਹ ਨਾਮਧਾਰੀ ਫ਼ੈਕਟਰੀ ਨੇੜੇ ਕੋਹਾੜਾ-ਮਾਛੀਵਾੜਾ ਰੋਡ ’ਤੇ ਪਹੁੰਚੇ ਅਤੇ ਸੜਕ ਪਾਰ ਕਰ ਕੇ ਪਿੰਡ ਵੱਲ ਜਾਣ ਲਈ ਖੜ੍ਹੇ ਸਨ ਤਾਂ ਇਸ ਦੌਰਾਨ ਸਫ਼ੈਦ ਰੰਗ ਦੀ ਐਕਟਿਵਾ ’ਤੇ ਸਵਾਰ ਫੂਲ ਸਿੰਘ ਵਾਸੀ ਪਿੰਡ ਕੂੰਮ ਕਲਾਂ ਨੇ ਤੇਜ਼ ਰਫ਼ਤਾਰ ਅਤੇ ਲਾਪ੍ਰਵਾਹੀ ਨਾਲ ਵਾਹਨ ਚਲਾਉਂਦਿਆਂ ਉਸ ਦੀ ਪਤਨੀ ਤਾਰਾਵਤੀ ਨੂੰ ਟੱਕਰ ਮਾਰ ਦਿੱਤੀ।

ਟੱਕਰ ਕਾਰਨ ਤਾਰਾਵਤੀ ਗੰਭੀਰ ਜ਼ਖ਼ਮੀ ਹੋ ਗਈ। ਹਾਦਸੇ ਤੋਂ ਬਾਅਦ ਐਕਟਿਵਾ ਚਾਲਕ ਵਾਹਨ ਮੌਕੇ ’ਤੇ ਛੱਡ ਕੇ ਫ਼ਰਾਰ ਹੋ ਗਿਆ। ਜ਼ਖ਼ਮੀ ਤਾਰਾਵਤੀ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਮੌਤ ਹੋ ਗਈ। ਥਾਣਾ ਕੂੰਮ ਕਲਾਂ ਪੁਲਸ ਨੇ ਐਕਟਿਵਾ ਚਾਲਕ ਫੂਲ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।