ਬਲਕੌਰ ਸਿੰਘ ਨੇ ਕਿਹਾ ,"ਉਸ ਦੀ ਸੋਚ ਨੂੰ ਜਿਊਂਦਾ ਰੱਖਣ ਦੀ ਹਰ ਸੰਭਵ ਕੋਸ਼ਿਸ਼ ਕਰਾਂਗਾ ".

ਬਲਕੌਰ ਸਿੰਘ ਨੇ ਕਿਹਾ ,

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਹਰ ਐਤਵਾਰ ਦੀ ਤਰ੍ਹਾਂ ਇਸ ਐਤਵਾਰ ਵੀ ਸਿੱਧੂ ਦੇ ਚਾਹੁਣ ਵਾਲਿਆਂ ਨੂੰ ਆਪਣੀ ਹਵੇਲੀ ’ਚ ਸੰਬੋਧਨ ਕੀਤਾ। ਇਸ ਦੌਰਾਨ ਬਲਕੌਰ ਸਿੰਘ ਨੇ ਦਿਲ ਦੀਆਂ ਗੱਲਾਂ ਸਿੱਧੂ ਦੇ ਚਾਹੁਣ ਵਾਲਿਆਂ ਨਾਲ ਸਾਂਝੀਆਂ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੂੰ ਭਾਵੁਕ ਹੁੰਦੇ ਵੀ ਦੇਖਿਆ ਗਿਆ। ਬਲਕੌਰ ਸਿੰਘ ਨੇ ਕਿਹਾ ਕਿ ਜਦੋਂ ਕਿਸੇ ਲੀਡਰ ਦਾ ਕਤਲ ਹੁੰਦਾ ਹੈ ਤਾਂ ਸਾਰੇ ਸਾਜ਼ਿਸ਼ਕਰਤਾ ਅੰਦਰ ਕਰ ਦਿੱਤੇ ਜਾਂਦੇ ਹਨ ਪਰ ਜਦੋਂ ਉਨ੍ਹਾਂ ਦੇ ਪੁੱਤ ਦਾ ਕਤਲ ਹੋਇਆ ਤਾਂ ਸਿਰਫ ਕਤਲ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ ਤੇ ਜਿਹੜੇ ਸ਼ਾਜ਼ਿਸ਼ਕਰਤਾ ਹਨ, ਉਨ੍ਹਾਂ ’ਤੇ ਅਜੇ ਤਕ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਇਹ ਫਰਕ ਖ਼ਤਮ ਹੋਣਾ ਚਾਹੀਦਾ ਹੈ, ਕਤਲ ਭਾਵੇਂ ਕਿਸੇ ਗੈਂਗਸਟਰ ਦਾ ਹੁੰਦਾ ਹੈ, ਉਹ ਵੀ ਕਿਸੇ ਮਾਂ ਦਾ ਪੁੱਤ ਹੈ ਪਰ ਸਭ ਨੂੰ ਇਕ ਨਜ਼ਰ ਨਾਲ ਦੇਖਿਆ ਜਾਵੇ।
ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਰਕਾਰਾਂ ਤੋਂ ਜ਼ਿਆਦਾ ਉਮੀਦ ਨਹੀਂ ਹੈ, ਜਿਨ੍ਹਾਂ ਨੇ 11 ਮਹੀਨਿਆਂ ’ਚ ਕੁਝ ਨਹੀਂ ਕੀਤਾ। ਬਲਕੌਰ ਸਿੰਘ ਨੇ ਕਿਹਾ ਕਿ ਅਗਲੇ ਮਹੀਨੇ ਉਹ ਸਿੱਧੂ ਨੂੰ ਵਿਦਾਇਗੀ ਦੇਣਗੇ। ਇਸ ਦੌਰਾਨ ਭਾਵੁਕ ਹੁੰਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਬਰਸੀ ਸਿੱਧੂ ਨੇ ਮੇਰੀ ਕਰਨੀ ਸੀ ਪਰ ਕਰ ਮੈਂ ਉਸ ਦੀ ਰਿਹਾ। ਗੁੱਸਾ ਸਾਨੂੰ ਸਭ ਨੂੰ ਹੈ, ਗੁੱਸਾ ਅਸੀਂ ਦਿਖਾਵਾਂਗੇ ਵੀ ਪਰ ਕਾਨੂੰਨ ’ਚ ਰਹਿੰਦਿਆਂ ਸ਼ਾਂਤੀਪੂਰਨ ਢੰਗ ਨਾਲ। ਬਲਕੌਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਨੂੰ ਰੋਸਾ ਦਿੰਦੇ ਹਨ, ਕੋਈ ਧਮਕੀ ਨਹੀਂ। ਇਹ ਗੱਲਾਂ ਉਹ ਕਿਸੇ ਨੂੰ ਡਰਾਉਣ ਲਈ ਨਹੀਂ ਕਰਦੇ, ਸਗੋਂ ਉਨ੍ਹਾਂ ਨੂੰ ਸ਼ਾਂਤੀ ਮਿਲਦੀ ਹੈ। ਪੁੱਤ ਦੀ ਲਾਸਟ ਰਾਈਡ ਵਾਲੀ ਥਾਰ ਭਾਵੇਂ ਉਨ੍ਹਾਂ ਦੀ ਲਾਸਟ ਰਾਈਡ ਬਣ ਜਾਵੇ, ਉਹ ਇਸ ਨੂੰ ਘਰ ਇਸ ਲਈ ਲੈ ਕੇ ਆਏ ਹਨ ਕਿਉਂਕਿ ਉਨ੍ਹਾਂ ਨੂੰ ਇਸ ’ਚ ਸਿੱਧੂ ਬੈਠਾ ਦਿਖਾਈ ਦਿੰਦਾ ਹੈ।

ਅਖੀਰ ’ਚ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦਾ ਪਰਿਵਾਰ ਤੇ ਉਸ ਨੂੰ ਚਾਹੁਣ ਵਾਲੇ ਕਦੇ ਕਿਸੇ ਗਲਤ ਕੰਮ ’ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੂੰ ਪ੍ਰਮਾਤਮਾ ਨੇ ਸਜ਼ਾ ਦਿੱਤੀ ਹੈ ਕਿ ਉਨ੍ਹਾਂ ਨੇ ਇਕੱਲਿਆਂ ਰਹਿਣਾ ਹੈ ਤੇ ਉਹ ਰਹਿੰਦੀ ਜ਼ਿੰਦਗੀ ਪੁੱਤ ਦੀ ਯਾਦ, ਉਸ ਦੀ ਸੋਚ ਨੂੰ ਜਿਊਂਦਾ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।