ਨਿੱਕੇ ਸਿੱਧੂ ਦਾ ਨਾਂ  ਦੱਸਿਆ ਬਲਕੌਰ ਸਿੰਘ ਨੇ। 

ਨਿੱਕੇ ਸਿੱਧੂ ਦਾ ਨਾਂ  ਦੱਸਿਆ ਬਲਕੌਰ ਸਿੰਘ ਨੇ। 

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਖ਼ੁਸ਼ੀਆਂ ਨੇ ਮੁੜ ਦਸਤਕ ਦਿੱਤੀ ਹੈ। ਬਲਕੌਰ ਸਿੰਘ ਤੇ ਚਰਨ ਕੌਰ ਦੇ ਘਰ ਪੁੱਤਰ ਦਾ ਜਨਮ ਹੋਇਆ ਹੈ। ਲੰਮੇ ਸਮੇਂ ਤੋਂ ਮਾਤਾ ਚਰਨ ਕੌਰ ਦੇ ਆਈ. ਵੀ. ਐੱਫ. ਦੀ ਮਦਦ ਨਾਲ 58 ਸਾਲ ਦੀ ਉਮਰ ’ਚ ਗਰਭਵਤੀ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। 17 ਮਾਰਚ ਨੂੰ ਪ੍ਰਮਾਤਮਾ ਨੇ ਉਨ੍ਹਾਂ ਦੀ ਕੁੱਖ ਮੁੜ ਤੋਂ ਹਰੀ ਕਰ ਦਿੱਤੀ। ਸਿੱਧੂ ਮੂਸੇਵਾਲਾ ਦੀ ਹਵੇਲੀ ’ਚ ਜਿੱਥੇ ਉਸ ਨੂੰ ਚਾਹੁਣ ਵਾਲਿਆਂ ਨੇ ਦਿਨ ਵੇਲੇ ਹੋਲੀ ਮਨਾਈ, ਉੱਥੇ ਰਾਤ ਨੂੰ ਦੀਵਾਲੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਇਨ੍ਹਾਂ ਰੌਣਕਾਂ ਤੋਂ ਸਿੱਧੂ ਦੀ ਹਵੇਲੀ ਲੰਮੇ ਸਮੇਂ ਤੋਂ ਸੱਖਣੀ ਰਹੀ, ਪਰ ਹੁਣ ਸਿੱਧੂ ਤੇ ਉਸ ਦੇ ਪਰਿਵਾਰ ਨੂੰ ਚਾਹੁਣ ਵਾਲਿਆਂ ’ਚ ਵਿਆਹ ਵਰਗਾ ਮਾਹੌਲ ਹੈ।

ਇਸ ਵਿਚਾਲੇ ਸੋਸ਼ਲ ਮੀਡੀਆ 'ਤੇ ਇਕ ਨਵੀਂ ਚਰਚਾ ਛਿੜੀ ਰਹੀ ਕਿ ਨਵਜੰਮੇ ਬੱਚੇ ਦਾ ਨਾਂ ਕੀ ਰੱਖਿਆ ਜਾਣਾ ਚਾਹੀਦਾ ਹੈ। ਇਸ ਨੂੰ ਲੈ ਕੇ ਬਾਪੂ ਬਲਕੌਰ ਸਿੰਘ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਜਦੋਂ ਪੱਤਰਕਾਰਾਂ ਵੱਲੋਂ ਬਲਕੌਰ ਸਿੰਘ ਨੂੰ ਪੁੱਛਿਆ ਗਿਆ ਕਿ ਨਵਜੰਮੇ ਬੱਚੇ ਦਾ ਨਾਂ ਵੀ ਸ਼ੁੱਭਦੀਪ ਸਿੰਘ ਸਿੱਧੂ ਹੀ ਰੱਖਿਆ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ, ਇਹ ਤਾਂ ਪਹਿਲਾਂ ਤੋਂ ਹੀ ਤੈਅ ਹੈ। ਸਾਨੂੰ ਤਾਂ ਇਹੀ ਲੱਗਦਾ ਹੈ ਕਿ ਸਾਡਾ ਸ਼ੁੱਭਦੀਪ ਹੀ ਵਾਪਸ ਆਇਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਮੈਂ ਵੀ ਸੋਸ਼ਲ ਮੀਡੀਆ 'ਤੇ ਕੁਮੈਂਟਸ ਪੜ੍ਹ ਰਿਹਾ ਸੀ ਕਿ ਲੋਕ ਕਹਿ ਰਹੇ ਸਨ ਕਿ ਸੁਣਿਆ ਸੀ ਮਰਨ ਵਾਲੇ ਵਾਪਸ ਨਹੀਂ ਆਉਂਦੇ, ਪਰ ਇਸ ਵਾਰ ਇੰਝ ਲੱਗਦਾ ਹੈ ਕਿ ਉਹ ਵਾਪਸ ਆ ਗਿਆ। ਕਈ ਵਾਰ ਵਾਹਿਗੁਰੂ ਵੀ ਆਪਣੇ ਫ਼ੈਸਲੇ 'ਤੇ ਮੁੜ ਵਿਚਾਰ ਕਰਦਾ ਹੈ। 

ਇਸ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੀ ਮੌਤ ਤੋਂ ਬਾਅਦ ਤਕਰੀਬਨ 24-25 ਲੱਖ ਲੋਕ ਅਫ਼ਸੋਸ ਕਰਨ ਲਈ ਹਵੇਲੀ ਆਏ ਸਨ। ਸਿੱਧੂ ਦਾ ਕਤਲ ਕਰਨ ਵਾਲਿਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਰਿੰਦਿਆਂ ਨੂੰ ਵੀ ਸਬਕ ਮਿਲਣਾ ਚਾਹੀਦਾ ਹੈ ਕਿ ਤੁਸੀਂ ਕਿੰਨੇ ਲੋਕਾਂ ਦਾ ਦਿਲ ਤੋੜਿਆ ਹੈ। ਪੈਸਾ ਹੀ ਸਭ ਕੁਝ ਨਹੀਂ ਹੁੰਦਾ। ਮੈਂ ਅਰਦਾਸ ਕਰਦਾ ਹਾਂ ਕਿ ਪਰਮਾਤਮਾ ਉਨ੍ਹਾਂ ਨੂੰ ਸੁਮੱਤ ਬਖ਼ਸ਼ੇ। ਪੈਸਾ ਇਨਸਾਨਾਂ ਲਈ ਬਣਿਆ ਸੀ, ਪਰ ਇਨ੍ਹਾਂ ਨੇ ਕੁਝ ਪੈਸਿਆਂ ਖ਼ਾਤਿਰ ਇਨਸਾਨੀਅਤ ਨੂੰ ਖ਼ਤਮ ਕਰਨਾ ਸ਼ੁਰੂ ਕਰ ਦਿੱਤਾ ਹੈ।