- Updated: October 13, 2026 06:08 PM
ਸੀ.ਐੱਮ. ਮਾਨ ਦੇ ਸਾਬਕਾ ਓ. ਐੱਸ. ਡੀ. ਅਤੇ ਨਜ਼ਦੀਕੀ ਦੋਸਤ ਮਨਜੀਤ ਸਿੰਘ ਸਿੱਧੂ ਅੱਜ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਪੰਜਾਬ ਕਾਂਗਰਸ ਦੇ ਨਵਨਿਯੁਕਤ ਪ੍ਰਧਾਨ ਪਰਗਟ ਸਿੰਘ ਨੇ ਇਥੇ ਪਾਰਟੀ ਦਫਤਰ ’ਚ ਉਨ੍ਹਾਂ ਦਾ ਸਵਾਗਤ ਕੀਤਾ। ਯਾਦ ਰਹੇ ਕਿ ਜਨਵਰੀ 2023 ’ਚ ਮਨਜੀਤ ਸਿੰਘ ਸਿੱਧੂ ਨੂੰ ਮੁੱਖ ਮੰਤਰੀ ਮਾਨ ਦੇ ਓ. ਐੱਸ. ਡੀ. ਨਿਯੁਕਤ ਕੀਤਾ ਗਿਆ ਸੀ ਪਰ ਕੁੱਝ ਸਮੇਂ ਬਾਅਦ ਹੀ ਸਿਹਤ ਦੇ ਹਵਾਲੇ ਨਾਲ ਉਨ੍ਹਾਂ ਨੇ 18 ਨਵੰਬਰ 2023 ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਮਨਜੀਤ ਸਿੰਘ ਸਿੱਧੂ ਪੁਰਾਣੇ ਪੱਤਰਕਾਰ ਹਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਚਪਨ ਦੇ ਦੋਸਤ ਹਨ।
ਮਨਜੀਤ ਸਿੱਧੂ ਨੇ ਨੌਕਰੀ ਤੋਂ ਅਸਤੀਫ਼ਾ ਦੇ ਕੇ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਭਗਵੰਤ ਮਾਨ ਨਾਲ ਆਮ ਆਦਮੀ ਪਾਰਟੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ’ਚ ਮਨਜੀਤ ਸਿੱਧੂ ਨੇ ਮੀਡੀਆ ਪ੍ਰਬੰਧਨ ਦੀ ਜ਼ਿੰਮੇਵਾਰੀ ਨਿਭਾਈ ਸੀ। ਇਸ ਤੋਂ ਬਾਅਦ ਉਹ ਸਰਗਰਮ ਸਿਆਸਤ ਤੋਂ ਕੁਝ ਸਮੇਂ ਲਈ ਲਾਂਭੇ ਹੋ ਗਏ ਪਰ ਹੁਣ ਮੁੜ ਉਨ੍ਹਾਂ ਨੇ ਕਾਂਗਰਸ ਵਿਚ ਸ਼ਮੂਲੀਅਤ ਕਰਦਿਆਂ ਪੰਜਾਬ ਦੀ ਸਿਆਸਤ ਵਿਚ ਸਰਗਰਮੀ ਵਿਖਾਈ ਹੈ।