ਮੈਡ ਸੰਧੂ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਮੈਡ ਸੰਧੂ ਕਤਲਕਾਂਡ ’ਚ ਪੁਲਿਸ ਦੀ ਵੱਡੀ ਕਾਰਵਾਈ, ਗੁਜਰਾਤ ਤੋਂ 2 ਹੋਰ ਮੁਲਜ਼ਮ ਗ੍ਰਿਫ਼ਤਾਰ

ਅੰਮ੍ਰਿਤਸਰ ਪੁਲਿਸ ਨੇ ਚਰਚਿਤ ਮੈਡ ਸੰਧੂ ਕਤਲ ਕੇਸ ਵਿੱਚ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ, ਜਿਸ ਵਿੱਚ ਗੁਜਰਾਤ ਤੋਂ ਦੋ ਹੋਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਤਰਨਤਾਰਨ ਦੇ ਰਹਿਣ ਵਾਲੇ ਹਰਸਿਮਰਨ ਸਿੰਘ ਅਤੇ ਫਤਿਹ ਸਿੰਘ ਵਜੋਂ ਹੋਈ ਹੈ। ਇਸ ਹਾਈ-ਪ੍ਰੋਫਾਈਲ ਕਤਲ ਕੇਸ ਵਿੱਚ ਹੁਣ ਤੱਕ ਕੁੱਲ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਮੈਡ ਸੰਧੂ ਦੀ 3 ਅਕਤੂਬਰ, 2026 ਨੂੰ ਅੰਮ੍ਰਿਤਸਰ ਦੇ ਲੋਹਾਰਾਕਾ ਰੋਡ ‘ਤੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਜਾਂਚ ਦੌਰਾਨ ਇਹ ਖੁਲਾਸਾ ਹੋਇਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ, ਹਰਸਿਮਰਨ ਅਤੇ ਫਤਿਹ ਸਿੰਘ ਨੇ ਅਪਰਾਧ ਨੂੰ ਅੰਜਾਮ ਦੇਣ ਤੋਂ ਪਹਿਲਾਂ ਇਲਾਕੇ ਦੀ ਰੇਕੀ ਕੀਤੀ ਸੀ। ਪੁੱਛਗਿੱਛ ਵਿੱਚ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਮੁਲਜ਼ਮ ਵਿਦੇਸ਼ਾਂ ਵਿੱਚ ਸਥਿਤ ਗੈਂਗਸਟਰਾਂ ਅਤੇ ਹੈਂਡਲਰਾਂ ਨਾਲ ਸਿੱਧੇ ਸੰਪਰਕ ਵਿੱਚ ਸਨ।

Image

ਉਨ੍ਹਾਂ ਦੇ ਇਸ਼ਾਰੇ ‘ਤੇ ਉਨ੍ਹਾਂ ਨੇ ਤਰਨਤਾਰਨ ਜ਼ਿਲ੍ਹੇ ਦੇ ਤਿੰਨ ਵੱਖ-ਵੱਖ ਥਾਵਾਂ ਮਾਸਟਰ ਕਲੋਨੀ, ਨੌਸ਼ਹਿਰਾ ਪੰਨੂਆਂ ਅਤੇ ਮੋਹਨਪੁਰ ‘ਤੇ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਉਨ੍ਹਾਂ ਦੀਆਂ ਗ੍ਰਿਫ਼ਤਾਰੀਆਂ ਨਾਲ ਤਰਨਤਾਰਨ ਪੁਲਿਸ ਨੇ ਇਹ ਤਿੰਨੋਂ ਮਾਮਲੇ ਸੁਲਝਾ ਲਏ ਹਨ।

ਇਸ ਤੋਂ ਪਹਿਲਾਂ ਗੁਜਰਾਤ ਪੁਲਿਸ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਅੰਮ੍ਰਿਤਸਰ ਪੁਲਿਸ ਨੇ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਵਿੱਚ ਮੁੱਖ ਸ਼ੂਟਰ ਪਰਮਿੰਦਰ ਸਿੰਘ ਉਰਫ਼ ਕਾਕਾ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਸਹਿ-ਮੁਲਜ਼ਮ ਅਤੇ ਸਾਥੀ, ਅਮਨਦੀਪ ਸਿੰਘ, ਪਰਮਵੀਰ ਸਿੰਘ, ਬਲਜਿੰਦਰ ਸਿੰਘ ਉਰਫ਼ ਲਾਲੀ, ਬਲਰਾਜ ਸਿੰਘ ਉਰਫ਼ ਬੰਟੀ ਅਤੇ ਵਿਕਾਸ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ‘ਤੇ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ, ਲੁਕਣ ਦੀਆਂ ਥਾਵਾਂ ਮੁਹੱਈਆ ਕਰਵਾਉਣ ਅਤੇ ਜਾਸੂਸੀ ਵਿੱਚ ਸਹਾਇਤਾ ਕਰਨ ਦਾ ਦੋਸ਼ ਹੈ। ਪੁਲਿਸ ਇਸ ਸਮੇਂ ਸਾਰੇ ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈ ਕੇ ਨੈੱਟਵਰਕ ਚੇਨ ਖੰਗਾਲਣ ਵਿਚ ਜੁਟੀ ਹੈ।