ਵੱਡੀ ਖਬਰ :MP ਰਵਨੀਤ ਬਿੱਟੂ ਭਾਜਪਾ ਵਿਚ ਹੋਏ ਸ਼ਾਮਲ,ਕਾਂਗਰਸ ਨੂੰ ਲੱਗਾ ਵੱਡਾ ਝਟਕਾ

ਵੱਡੀ ਖਬਰ :MP ਰਵਨੀਤ ਬਿੱਟੂ ਭਾਜਪਾ ਵਿਚ ਹੋਏ ਸ਼ਾਮਲ,ਕਾਂਗਰਸ ਨੂੰ ਲੱਗਾ ਵੱਡਾ ਝਟਕਾ

ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਿਆ ਹੈ। ਕਾਂਗਰਸ ਵੱਲੋਂ 3 ਵਾਰ ਐੱਮਪੀ ਰਹਿ ਚੁੱਕੇ ਰਵਨੀਤ ਬਿੱਟੂ ਭਾਜਪਾ ਵਿਚ ਸ਼ਾਮਲ ਹੋ ਗਏ ਹਨ। ਭਾਜਪਾ ਨੇ ਮੰਗਲਵਾਰ ਸਵੇਰੇ ਹੀ ਪੰਜਾਬ 'ਚ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦਾ ਫ਼ੈਸਲਾ ਕੀਤਾ ਸੀ। ਇਸ ਤੋਂ ਕੁਝ ਘੰਟਿਆਂ ਬਾਅਦ ਰਵਨੀਤ ਸਿੰਘ ਬਿੱਟੂ ਪਾਰਟੀ ਵਿਚ ਸ਼ਾਮਲ ਹੋ ਗਏ। ਉਹ ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਹੋ ਸਕਦੇ ਹਨ।  

ਜ਼ਿਕਰਯੋਗ ਹੈ ਕਿ ਰਵਨੀਤ ਬਿੱਟੂ ਕਾਂਗਰਸ ਵੱਲੋਂ 3 ਵਾਰ ਐੱਮਪੀ ਰਹਿ ਚੁੱਕੇ ਹਨ ਤੇ ਉਹ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਹਨ। ਰਵਨੀਤ ਬਿੱਟੂ ਸਾਲ 2009 'ਚ ਸ੍ਰੀ ਅਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਬਣੇ ਸਨ ਤੇ ਇਸ ਤੋਂ ਬਾਅਦ ਉਹਨਾਂ ਨੇ ਫਿਰ ਤੋਂ ਸਾਲ 2014 'ਚ ਦੂਜੀ ਵਾਰ ਲੋਕ ਸਭਾ ਚੋਣ ਜਿੱਤੀ ਸੀ ਤੇ ਸਾਲ 2019 ਵਿਚ ਵੀ ਉਹ ਤੀਜੀ ਵਾਰ ਲੁਧਿਆਣਾ ਤੋਂ ਐਮਪੀ ਬਣੇ। 

ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਰਵਨੀਤ ਬਿੱਟੂ ਨੇ ਕਿਹਾ ਕਿ ਮੈਂ ਬਹੁਤ ਮਾੜੇ ਹਾਲਾਤ ਵੇਖੇ ਅਤੇ ਪੰਜਾਬ ਨੂੰ ਉਨ੍ਹਾਂ ਵਿਚੋਂ ਕੱਢਿਆ। ਪੰਜਾਬ ਵਿਚ ਬਹੁਤ ਵੱਡਾ ਖਲਾਅ ਹੈ, ਉਸ ਨੂੰ ਅਸੀਂ ਭਰਾਂਗੇ। ਬਾਕੀ ਸੂਬੇ ਬਹੁਤ ਅੱਗੇ ਹਨ। ਅਸੀਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਵਪਾਰੀਆਂ ਲਈ ਪੁਲ ਬਣ ਕੇ ਕੰਮ ਕਰਾਂਗੇ।ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਦਿਲ ਵਿਚ ਪੰਜਾਬ ਲਈ ਬਹੁਤ ਪਿਆਰ ਹੈ ਅਤੇ ਉਹ ਪੰਜਾਬ ਲਈ ਬਹੁਤ ਕੁੱਝ ਕਰਨਾ ਚਾਹੁੰਦੇ ਹਨ। ਅਸੀਂ ਪੰਜਾਬ ਦੇ ਹਰ ਵਰਗ ਨੂੰ ਭਾਜਪਾ ਅਤੇ ਮੋਦੀ ਜੀ ਨਾਲ ਜੋੜਾਂਗੇ। 

ਰਵਨੀਤ ਬਿੱਟੂ ਨੇ ਕਿਹਾ ਕਿ ਉਹ ਸ਼ਹੀਦ ਬੇਅੰਤ ਸਿੰਘ ਦੇ ਪਰਿਵਾਰ ਨਾਲ ਸਬੰਧਤ ਹਨ। ਉਹਨਾਂ ਨੇ ਪੰਜਾਬ ਵਿਚ ਕਾਲਾ ਸਮਾਂ ਵੀ ਦੇਖਿਆ ਹੈ। ਇਹ ਵੀ ਦੇਖਿਆ ਕਿ ਉਹ ਹਨੇਰਾ ਕਿਵੇਂ ਦੂਰ ਹੋਇਆ। ਅੱਜ ਮੈਂ ਪੂਰੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਪਿਛਲੇ 10 ਸਾਲਾਂ ਵਿਚ ਮੈਂ ਖ਼ੁਦ ਦੇਖਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਪੰਜਾਬ ਨੂੰ ਕਿੰਨਾ ਪਿਆਰ ਕਰਦੇ ਹਨ। ਦੋਵੇਂ ਪੰਜਾਬ ਲਈ ਬਹੁਤ ਕੁਝ ਕਰਨਾ ਚਾਹੁੰਦੇ ਹਨ। ਬਾਕੀ ਸੂਬੇ ਕਿੱਥੋਂ ਤੋਂ ਕਿੱਥੇ ਪਹੁੰਚ ਗਏ?  

ਅੱਜ ਪੰਜਾਬ ਦੇ ਕਿਸਾਨਾਂ ਅਤੇ ਕੇਂਦਰ ਸਰਕਾਰ ਵਿਚਕਾਰ ਪੁਲ ਦਾ ਕੰਮ ਕਰਨ ਦੀ ਲੋੜ ਹੈ। ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ ਅਤੇ ਦੁਕਾਨਦਾਰਾਂ ਨੂੰ ਇਕੱਠੇ ਹੋਣਾ ਪਵੇਗਾ। ਇੰਡਸਟਰੀ ਨੂੰ ਭਰੋਸੇ ਵਿੱਚ ਲੈਣਾ ਹੋਵੇਗਾ। ਮੈਂ ਖ਼ੁਦ ਮੋਦੀ ਸਰਕਾਰ ਵਿਚ ਲੋਕ ਹਿੱਤ ਵਿਚ ਫੈਸਲੇ ਹੁੰਦੇ ਦੇਖੇ ਹਨ। ਇਸ ਕਾਰਨ ਮੈਂ ਖੁਦ ਭਾਜਪਾ ਵਿਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਹੈ। 

ਜ਼ਿਕਰਯੋਗ ਹੈ ਕਿ ਰਵਨੀਤ ਸਿੰਘ ਬਿੱਟੂ ਦਾ ਜਨਮ 10 ਸਤੰਬਰ 1975 ਨੂੰ ਲੁਧਿਆਣਾ ਦੇ ਪਿੰਡ ਕੋਟਲਾ ਅਫਗਾਨ ਵਿਚ ਹੋਇਆ ਸੀ। 12ਵੀਂ ਤੱਕ ਪੜ੍ਹਾਈ ਕਰਨ ਤੋਂ ਬਾਅਦ ਬਿੱਟੂ ਨੇ ਪੰਜਾਬ ਯੂਥ ਕਾਂਗਰਸ ਦੇ ਮੁਖੀ ਬਣ ਕੇ ਆਪਣੇ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ। ਬਿੱਟੂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਪੋਤੇ ਹਨ। ਪੰਜਾਬ ਵਿਚੋਂ ਅੱਤਵਾਦ ਨੂੰ ਖ਼ਤਮ ਕਰਨ ਦਾ ਸਿਹਰਾ ਬੇਅੰਤ ਸਿੰਘ ਨੂੰ ਹੀ ਜਾਂਦਾ ਹੈ। 

ਪੰਜਾਬ ਵਿਚ 1980-90 ਵਿਚ ਅਤਿਵਾਦ ਆਪਣੇ ਸਿਖਰ 'ਤੇ ਸੀ। ਦਿਨ ਦਿਹਾੜੇ ਕਤਲ ਹੋ ਰਹੇ ਸਨ। 1992 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਬਹੁਮਤ ਮਿਲਣ ਤੋਂ ਬਾਅਦ ਬੇਅੰਤ ਸਿੰਘ 25 ਫਰਵਰੀ 1992 ਨੂੰ ਪੰਜਾਬ ਦੇ ਮੁੱਖ ਮੰਤਰੀ ਬਣੇ।  ਬੇਅੰਤ ਸਿੰਘ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਤੋਂ ਹੀ ਗਰਮਖਿਆਲੀਆਂ ਦੇ ਨਿਸ਼ਾਨੇ 'ਤੇ ਸਨ। 31 ਅਗਸਤ 1995 ਨੂੰ ਜਦੋਂ ਬੇਅੰਤ ਸਿੰਘ ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਤੋਂ ਬਾਹਰ ਜਾ ਰਹੇ ਸੀ ਤਾਂ ਉਥੇ ਖੜ੍ਹੇ ਸਕੂਟਰ ਵਿੱਚ ਬੰਬ ਧਮਾਕਾ ਹੋ ਗਿਆ। ਇਸ ਧਮਾਕੇ ਵਿਚ ਬੇਅੰਤ ਸਿੰਘ ਸਮੇਤ ਕਈ ਲੋਕ ਮਾਰੇ ਗਏ ਸਨ।