ਵਿਦੇਸ਼ ,ਡੌਕੀਂ ਲਾ ਕੇ ਜਾ ਰਹੇ ਨੌਜਵਾਨ ਦੀ ਹੋਈ ਮੌਤ,ਏਜੰਟ ਨੇ ਦੇਹ ਨੂੰ ਵਾਪਸ ਲਿਆਉਣ ਲਈ ਮੰਗੇ 4 ਲੱਖ ਰੁਪਏ

ਵਿਦੇਸ਼ ,ਡੌਕੀਂ ਲਾ ਕੇ ਜਾ ਰਹੇ ਨੌਜਵਾਨ ਦੀ ਹੋਈ ਮੌਤ,ਏਜੰਟ ਨੇ ਦੇਹ ਨੂੰ ਵਾਪਸ ਲਿਆਉਣ ਲਈ ਮੰਗੇ 4 ਲੱਖ ਰੁਪਏ

ਫਿਲੌਰ-ਥਾਣਾ ਫਿਲੌਰ ਅਧੀਨ ਪੈਂਦੇ ਗੰਨਾ ਪਿੰਡ ਦਾ ਇਕ ਵਿਅਕਤੀ ਮਹਿੰਦਰ ਪਾਲ ਨੇ ਰੋਜ਼ੀ-ਰੋਟੀ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦਾ ਸੀ, ਜਿਸ ਲਈ ਉਸ ਨੇ ਵਿਦੇਸ਼ ਭੇਜਣ ਵਾਲੇ ਟਰੈਵਲ ਏਜੰਟਾਂ ਨੇ ਉਸ ਕੋਲੋਂ ਲੱਖਾਂ ਰੁਪਏ ਲਏ ਪਰ ਜਰਮਨ ਭੇਜਣ ਦੀ ਥਾਂ ਹੋਰ ਦੇਸ਼ ’ਚ ਭੇਜ ਦਿੱਤਾ, ਜਿਥੋਂ ਡੌਂਕੀ ਲਾ ਕੇ ਉਸ ਨੂੰ ਹੋਰ ਲੋਕਾਂ ਨਾਲ ਜਰਮਨ ਭੇਜਿਆ ਜਾ ਰਿਹਾ ਸੀ ਪਰ ਰਾਹ ਵਿਚ ਹੀ ਉਸ ਦੀ ਮੌਤ ਹੋ ਗਈ। ਹੁਣ ਪਰਿਵਾਰ ਦਾ ਦੋਸ਼ ਹੈ ਕਿ ਏਜੰਟ ਉਸ ਦੀ ਮ੍ਰਿਤਕ ਦੇਹ ਭਾਰਤ ਲਿਆਉਣ ਲਈ ਹੋਰ ਪੈਸੇ ਦੀ ਮੰਗ ਕਰ ਰਹੇ ਹਨ। ਇਸ ਸਬੰਧੀ ਪਰਿਵਾਰ ਵੱਲੋਂ ਥਾਣਾ ਫਿਲੌਰ ਵਿਚ ਸ਼ਿਕਾਇਤ ਦਰਜ ਕਰਾ ਕੇ ਏਜੰਟਾਂ ’ਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਇਸ ਸਬੰਧੀ ਮ੍ਰਿਤਕ ਮਹਿੰਦਰ ਪਾਲ ਦੇ ਭਰਾ ਧਰਮਿੰਦਰ ਕੁਮਾਰ ਵਾਸੀ ਗੰਨਾ ਪਿੰਡ ਨੇ ਸ਼ਿਕਾਇਤ ’ਚ ਦੱਸਿਆ ਕਿ ਏਜੰਟ ਪੰਕਜ ਕੁਮਾਰ ਅਤੇ ਨਰੇਸ਼ ਕੁਮਾਰ ਵਾਸੀ ਜੰਮੂ ਨੇ ਉਸ ਦੇ ਭਰਾ ਮਹਿੰਦਰ ਪਾਲ ਵਾਸੀ ਗੰਨਾ ਪਿੰਡ ਨੂੰ ਜਰਮਨ ਭੇਜਣ ਲਈ 12 ਲੱਖ 32 ਹਜ਼ਾਰ ਰੁਪਏ ਲਏ, ਪਰ ਏਜੰਟਾਂ ਵੱਲੋਂ ਪਹਿਲਾ ਮਹਿੰਦਰ ਪਾਲ ਨੂੰ ਰੂਸ ਭੇਜ ਦਿੱਤਾ ਗਿਆ ਕੁੱਝ ਸਮਾਂ ਉੱਥੇ ਬਿਠਾਉਣ ਮਗਰੋਂ ਉਸ ਨੂੰ ਉਥੋਂ ਬੇਲਾ ਰੂਸ ਅਤੇ ਫਿਰ ਡੋਂਕੀ ਰਾਹੀਂ ਜਰਮਨ ਭੇਜਣਾ ਸੀ ਪਰ ਪਤਾ ਨਹੀਂ ਕਿੰਨਾ ਕਾਰਨਾਂ ਕਰਕੇ ਉਸ ਦੇ ਭਰਾ ਦੀ ਰਸਤੇ ਵਿੱਚ ਹੀ ਮੌਤ ਹੋ ਗਈ।

ਪਰਿਵਾਰ ਨੇ ਕਿਹਾ ਕਿ ਮਹਿੰਦਰ ਦੀ ਮੌਤ ਦੀ ਸੂਚਨਾ ਏਜੰਟ ਵੱਲੋਂ ਸਾਨੂੰ ਨਹੀਂ ਦਿੱਤੀ ਗਈ। ਉਲਟਾ ਏਜੰਟ ਸਾਨੂੰ ਭਰੋਸਾ ਦਿੰਦੇ ਰਹੇ ਕਿ ਜਲਦੀ ਜਰਮਨ ਪੁੱਜ ਜਾਵੇਗਾ। ਸਾਨੂੰ ਮਹਿੰਦਰ ਪਾਲ ਦੀ ਮੌਤ ਬਾਰੇ ਉਸ ਸਮੇਂ ਪਤਾ ਲੱਗਾ ਜਦੋਂ ਮਹਿੰਦਰ ਪਾਲ ਦੇ ਕੁਝ ਸਾਥੀਆਂ ਜੋ ਮਹਿੰਦਰ ਪਾਲ ਨਾਲ ਜਰਮਨ ਜਾ ਰਹੇ ਸਾਨੂੰ ਟੈਲੀਫੋਨ ਕੀਤਾ ਅਤੇ ਦੱਸਿਆ ਕਿ ਮਹਿੰਦਰ ਪਾਲ ਦੀ ਮੌਤ ਰਸਤੇ ’ਚ ਹੋ ਗਈ ਹੈ। ਇਹ ਗੱਲ ਸੁਣ ਕੇ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ।

ਇਸ ਸਬੰਧੀ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਇੱਕ ਪਾਸੇ ਏਜੰਟ ਸਾਨੂੰ ਮਹਿੰਦਰ ਪਾਲ ਦੇ ਜਰਮਨ ਪਹੁੰਚਣ ਦਾ ਭਰੋਸਾ ਦੇਈਂ ਜਾਂਦਾ ਹੈ ਅਤੇ ਦੂਜੇ ਪਾਸੇ ਸਾਡੇ ਭਰਾ ਦੀ ਤਾਂ ਮੌਤ ਹੋ ਗਈ ਹੈ। ਇਹ ਖ਼ਬਰ ਸੁਣਨ ਮਗਰੋਂ ਪਰਿਵਾਰ ਅਤੇ ਰਿਸ਼ਤੇਦਾਰਾਂ ’ਚ ਸੋਗ ਦੀ ਲਹਿਰ ਦਿਖਾਈ ਦੇ ਰਹੀ ਹੈ, ਜਿਸ ਤੋਂ ਬਾਅਦ ਉਨ੍ਹਾਂ ਮਹਿੰਦਰ ਪਾਲ ਦੀ ਲਾਸ਼ ਭੇਜਣ ਲਈ ਕਿਹਾ ਗਿਆ। ਪਰ ਲਾਸ਼ ਨੂੰ ਵਾਪਸ ਭਾਰਤ ਭੇਜਣ ਲਈ ਏਜੰਟ ਨੇ ਸਾਡੇ ਕੋਲੋਂ 4 ਲੱਖ ਰੁਪਏ ਬਤੌਰ ਕਿਰਾਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਮਹਿੰਦਰ ਪਾਲ ਨੂੰ ਵਿਦੇਸ਼ ਭੇਜਣ ਦੇ ਦਿੱਤੇ ਲੱਖਾਂ ਰੁਪਏ ਕਾਰਨ ਅਸੀਂ ਪਹਿਲਾਂ ਹੀ ਕਰਜ਼ਾਈ ਹਾਂ , ਹੁਣ ਸਾਡੇ ਕੋਲ ਕੋਈ ਪੈਸਾ ਨਹੀਂ ਹੈ ਪਰ ਹੁਣ ਏਜੰਟ ਉਨ੍ਹਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਦੀ ਮ੍ਰਿਤਕ ਦੇਹ ਆਪਣੇ ਖਰਚੇ ’ਤੇ ਭਾਰਤ ਲਿਆਂਦੀ ਜਾਵੇ।

ਇਸ ਸਬੰਧੀ ਥਾਣਾ ਫਿਲੋਰ ਦੇ ਥਾਣੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਟਰੈਵਲ ਏਜੰਟਾਂ ਵਿਰੁੱਧ ਥਾਣਾ ਫਿਲੌਰ ਵਿਖੇ ਮੁਕੱਦਮਾ ਨੰਬਰ 313 ਧਾਰਾ 406/420 ਆਈ ਪੀ ਸੀ ਤਹਿਤ ਕੇਸ ਦਰਜ ਕਰਕੇ, ਏਜੰਟਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਧਰਮਿੰਦਰ ਕੁਮਾਰ ਨੇ ਇਹ ਵੀ ਦੱਸਿਆ ਕਿ ਮ੍ਰਿਤਕ ਆਪਣੇ ਪਿੱਛੇ ਪਤਨੀ ਸੀਮਾ ਅਤੇ ਤਿੰਨ ਬੱਚੇ ਛੱਡ ਗਿਆ। ਉਨ੍ਹਾਂ ਪੰਜਾਬ ਸਰਕਾਰ ਤੋਂ ਏਜੰਟਾਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ।