ਪੰਜਾਬ ''ਚ ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗਾਇਆ ਗੋਲ਼ੀਆਂ

ਪੰਜਾਬ ''ਚ ਪਿਓ-ਪੁੱਤ ਨੂੰ ਸ਼ਰੇਆਮ ਮਾਰੀਆਂ ਗਾਇਆ ਗੋਲ਼ੀਆਂ

ਲੁਧਿਆਣਾ ਵਿਖੇ ਕੁੱਤੇ ਨੂੰ ਲੈ ਕੇ ਸ਼ੁਰੂ ਹੋਇਆ ਵਿਵਾਦ ਖ਼ੂਨੀ ਸੰਘਰਸ਼ ਵਿਚ ਬਦਲ ਗਿਆ। ਇਕ ਨੌਜਵਾਨ ਨੇ ਕੇਕ ਲੈਣ ਗਈ ਕੁੜੀ ਨਾਲ ਬਦਸਲੂਕੀ ਕੀਤੀ। ਇੰਨਾ ਹੀ ਨਹੀਂ ਮੌਕੇ ਉਤੇ ਪਹੁੰਚੇ ਪਿਤਾ-ਪੁੱਤਰ 'ਤੇ ਅੰਨੇਵ੍ਹਾਹ ਗੋਲ਼ੀਆਂ ਚਲਾ ਦਿੱਤੀਆਂ। ਪੀੜਤ ਮੁਤਾਬਕ ਦੋਸ਼ੀਆਂ ਨੇ ਕਰੀਬ 6 ਰਾਊਂਡ ਫਾਇਰ ਕੀਤੇ।  ਦਹਿਸ਼ਤ ਫੈਲਾਉਣ ਲਈ ਪਹਿਲਾਂ ਹਵਾ ਵਿੱਚ ਦੋ ਗੋਲ਼ੀਆਂ ਅਤੇ ਫਿਰ ਪਿਤਾ ਅਤੇ ਪੁੱਤਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਚਾਰ ਗੋਲ਼ੀਆਂ ਚਲਾਈਆਂ, ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਲਹੁ-ਲੂਹਾਨ ਹਾਲਤ ਵਿਚ ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਪਿਤਾ ਦੀ ਲੱਤ 'ਚ ਗੋਲ਼ੀ ਲੱਗਣ ਨਾਲ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਹਸਪਤਾਲ 'ਚ ਇਲਾਜ ਅਧੀਨ ਜ਼ਖ਼ਮੀ ਵੰਸ਼ (22) ਨੇ ਦੱਸਿਆ ਕਿ ਬੁੱਧਵਾਰ ਨੂੰ ਉਨ੍ਹਾਂ ਦੇ ਪਿਤਾ ਪ੍ਰਿੰਸ ਦਾ ਜਨਮ ਦਿਨ ਸੀ। ਘਰ 'ਚ ਖ਼ੁਸ਼ੀ ਦਾ ਮਾਹੌਲ ਸੀ ਅਤੇ ਉਸ ਦੀ ਭੈਣ ਆਪਣੇ ਪਿਤਾ ਲਈ ਜਨਮ ਦਿਨ ਦਾ ਕੇਕ ਖ਼ਰੀਦਣ ਸਿਵਲ ਸਿਟੀ ਖੇਤਰ ਗਈ ਹੋਈ ਸੀ। ਇਕ ਨੌਜਵਾਨ ਆਪਣੇ ਪਾਲਤੂ ਕੁੱਤੇ ਨੂੰ ਬਾਜ਼ਾਰ 'ਚ ਘੁੰਮਾ ਰਿਹਾ ਸੀ। ਸਾਵਧਾਨੀ ਵਜੋਂ ਭੈਣ ਨੇ ਅਚਾਨਕ ਪੁੱਛਿਆ, "ਕੀ ਕੁੱਤਾ ਵੱਢਦਾ ਤਾਂ ਨਹੀਂ?"

ਇੰਨੀ ਜਿਹੀ ਗੱਲ ਸੁਣ ਕੇ ਦੋਸ਼ੀ ਨੌਜਵਾਨ ਤੈਸ਼ ਵਿਚ ਆ ਗਿਆ ਅਤੇ ਉਸ ਨੇ ਸ਼ਰੇਆਮ ਕੁੜੀ ਨੂੰ ਗਾਲਾਂ ਕੱਢਣ ਦੇ ਨਾਲ-ਨਾਲ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ। ਡਰੀ ਹੋਈ ਕੁੜੀ ਨੇ ਤੁਰੰਤ ਪਿਤਾ ਅਤੇ ਭਰਾ ਵੰਸ਼ ਨੂੰ ਬੁਲਾਇਆ। ਜਦੋਂ ਪਿਤਾ ਅਤੇ ਪੁੱਤਰ ਮੌਕੇ 'ਤੇ ਪਹੁੰਚੇ ਅਤੇ ਦੋਸ਼ੀ ਨੌਜਵਾਨ ਤੋਂ ਪੁੱਛਿਆ ਕਿ ਉਸ ਨੇ ਲੜਕੀ ਨਾਲ ਬਦਸਲੂਕੀ ਕਿਉਂ ਕੀਤੀ ਤਾਂ ਦੋਸ਼ੀ ਨੇ ਗਾਲ੍ਹਾਂ ਕੱਢਣ ਦੇ ਨਾਲ-ਨਾਲ ਲੜਾਈ-ਝਗੜਾ ਸ਼ੁਰੂ ਕਰ ਦਿੱਤਾ।  ਮਾਮਲਾ ਵੱਧਦਾ ਵੇਖ ਦੇ ਦੋਸ਼ੀ ਨੇੜੇ ਹੀ ਸਥਿਤ ਆਪਣੇ ਘਰੋਂ ਬੰਦੂਕ ਲੈ ਆਇਆ। ਉਸ ਨੇ ਮੌਕੇ ਉਤੇ ਪਹੁੰਚਦੇ ਹੀ ਬਿਨਾਂ ਕਿਸੇ ਖ਼ੌਫ਼ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਪਿਤਾ ਪ੍ਰਿੰਸ ਅਤੇ ਪੁੱਤਰ ਵੰਸ਼ ਦੋਵਾਂ ਨੂੰ ਖੱਬੀ ਲੱਤ ਵਿਚ ਗੋਲ਼ੀ ਲੱਗੀ।  ਵੰਸ਼ ਦੀ ਲੱਤ ਵਿਚੋਂ ਗੋਲ਼ੀ ਆਰ-ਪਾਰ ਨਿਕਲ ਗਈ ਜਦਕਿ ਬਚਾਅ ਦੌਰਾਨ ਉਸ ਦੀ ਬਾਂਹ 'ਤੇ ਵੀ ਗੰਭੀਰ ਸੱਟ ਲੱਗੀ, ਜਿੱਥੇ ਡਾਕਟਰਾਂ ਨੇ ਉਸ ਨੂੰ ਕਰੀਬ 9 ਟਾਂਕੇ ਲਗਾਏ ਹਨ। ਉਥੇ ਹੀ ਪਿਤਾ ਪ੍ਰਿੰਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਿਉਂਕਿ ਗੋਲ਼ੀ ਉਨ੍ਹਾਂ ਦੀ ਲੱਤ ਦੀ ਹੱਢੀ ਅਤੇ ਮਾਸ ਵਿਚਕਾਰ ਫਸ ਗਈ ਹੈ। 

                                             Image

ਇੰਨੀ ਵੱਡੀ ਵਾਰਦਾਤ ਅਤੇ ਸ਼ਰੇਆਮ 6 ਰਾਊਂਡ ਗੋਲ਼ੀਆਂ ਚੱਲਣ ਦੇ ਬਾਅਦ ਪੁਲਸ ਦਾ ਲਾਪਰਵਾਹੀ ਵਾਲਾ ਰਵੱਈਆ ਸਾਹਮਣੇ ਆਇਆ ਹੈ।  ਜਦੋਂ ਹੈਬੋਵਾਲ ਪੁਲਸ ਥਾਣੇ ਦੇ ਐੱਸ. ਐੱਚ. ਓ. ਜਸਬੀਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਇਕ ਅਜੀਬ ਬਿਆਨ ਦਿੱਤਾ, ਜਿਸ 'ਚ ਕਿਹਾ ਗਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਹੈ ਅਤੇ ਜਾਂਚ ਚੱਲ ਰਹੀ ਹੈ ਪਰ ਉਨ੍ਹਾਂ ਨੂੰ ਗੋਲ਼ੀਬਾਰੀ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਪੂਰੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਥਿਤੀ ਸਪੱਸ਼ਟ ਹੋਵੇਗੀ ਅਤੇ ਢੁੱਕਵੀਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਦੌਰਾਨ ਇਸ ਖੁੱਲ੍ਹੇਆਮ ਗੋਲ਼ੀਬਾਰੀ ਦੀ ਘਟਨਾ ਨੇ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।