ਧਮਕੀਆਂ ਦੇ ਜਾਲ ’ਚ ਫ਼ਸਾ ਕੇ ਡਿਜੀਟਲ ਠੱਗਾਂ ਨੇ 3.40 ਕਰੋੜ ਰੁਪਏ ਦੀ ਮਾਰੀ ਠੱਗੀ

ਧਮਕੀਆਂ ਦੇ ਜਾਲ ’ਚ ਫ਼ਸਾ ਕੇ ਡਿਜੀਟਲ ਠੱਗਾਂ ਨੇ 3.40 ਕਰੋੜ ਰੁਪਏ ਦੀ ਮਾਰੀ ਠੱਗੀ

ਪੰਜਾਬ ’ਚ ਆਨਲਾਈਨ ਠੱਗੀ ਦਾ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ’ਚ ਕਥਿਤ ਤੌਰ ’ਤੇ ਧਮਕੀਆਂ ਅਤੇ ਡਰ ਦਾ ਮਾਹੌਲ ਪੈਦਾ ਕਰ ਕੇ ਖੰਨਾ ਦੇ ਇਕ ਵਿਅਕਤੀ ਤੋਂ 3.40 ਕਰੋੜ ਰੁਪਏ ਵੱਖ-ਵੱਖ ਬੈਂਕ ਖਾਤਿਆਂ ’ਚ ਟਰਾਂਸਫ਼ਰ ਕਰਵਾ ਲਏ ਗਏ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੰਜਾਬ ਸਟੇਟ ਸਾਈਬਰ ਕ੍ਰਾਈਮ ਥਾਣਾ ਫ਼ੇਜ਼-4, ਮੋਹਾਲੀ ਨੇ ਅਣਪਛਾਤੇ ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ। ਹੁਣ ਜਾਂਚ ਦਾ ਸੱਭ ਤੋਂ ਵੱਡਾ ਕੇਂਦਰ ਇਹ ਬਣਿਆ ਹੋਇਆ ਹੈ ਕਿ ਕਰੋੜਾਂ ਰੁਪਏ ਦੀ ਇਹ ਰਕਮ ਕਿਹੜੇ ਖਾਤਿਆਂ ’ਚ ਗਈ, ਉੱਥੋਂ ਕਿੱਥੇ ਘੁੰਮੀ ਅਤੇ ਆਖ਼ਰਕਾਰ ਕਿਸ ਤਕ ਪਹੁੰਚੀ।
ਪੁਲਿਸ ਨੂੰ ਦਿਤੀ ਸ਼ਿਕਾਇਤ ’ਚ ਖੰਨਾ ਵਾਸੀ ਗੁਰਨਾਮ ਸਿੰਘ ਨੇ ਦੋਸ਼ ਲਾਇਆ ਹੈ ਕਿ ਕਿਸੇ ਵਿਅਕਤੀ ਨੇ ਆਨਲਾਈਨ ਸੰਪਰਕ ਕਰ ਕੇ ਉਸ ਨੂੰ ਡਰਾਉਣਾ-ਧਮਕਾਉਣਾ ਸ਼ੁਰੂ ਕੀਤਾ। ਸ਼ਿਕਾਇਤ ਮੁਤਾਬਕ ਲਗਾਤਾਰ ਧਮਕੀਆਂ ਦੇ ਕੇ ਉਸ ’ਚ ਡਰ ਪੈਦਾ ਕੀਤਾ ਗਿਆ ਅਤੇ ਇਸੇ ਦੌਰਾਨ ਉਸ ਦੀ ਜਾਇਦਾਦ ਤੇ ਵਿੱਤੀ ਹਾਲਾਤ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ ਗਈ। ਇਸ ਤੋਂ ਬਾਅਦ ਵੱਖ-ਵੱਖ ਮੌਕਿਆਂ ’ਤੇ ਉਸ ਤੋਂ ਕੁੱਲ 3.40 ਕਰੋੜ ਰੁਪਏ ਵੱਖਰੇ ਖਾਤਿਆਂ ’ਚ ਟਰਾਂਸਫ਼ਰ ਕਰਵਾਏ ਜਾਣ ਦਾ ਦੋਸ਼ ਹੈ।

ਪੁਲਿਸ ਅਨੁਸਾਰ 28 ਅਗੱਸਤ ਨੂੰ ਨੈਸ਼ਨਲ ਸਾਈਬਰ ਕ੍ਰਾਈਮ ਰੀਪੋਰਟਿੰਗ ਪੋਰਟਲ ਰਾਹੀਂ ਈ-ਜ਼ੀਰੋ ਐਫਆਈਆਰ ਪ੍ਰਾਪਤ ਹੋਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਹੁਣ ਪੁਲਿਸ ਵਲੋਂ ਸਿਰਫ਼ ਸ਼ਿਕਾਇਤਕਰਤਾ ਨਾਲ ਹੋਏ ਸੰਪਰਕ ਦੀ ਜਾਂਚ ਹੀ ਨਹੀਂ ਕੀਤੀ ਜਾ ਰਹੀ, ਸਗੋਂ 3.40 ਕਰੋੜ ਰੁਪਏ ਦੇ ਪੂਰੇ ਵਿੱਤੀ ਰਸਤੇ ਨੂੰ ਖੰਗਾਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਸ਼ਿਕਾਇਤਕਰਤਾ ਦਾ ਬਿਆਨ ਦਰਜ ਕਰਨ ਦੇ ਨਾਲ ਬੈਂਕਾਂ ਤੋਂ ਲੈਣ-ਦੇਣ ਦਾ ਰੀਕਾਰਡ ਹਾਸਲ ਕੀਤਾ ਜਾਵੇਗਾ। ਜਾਂਚ ਅਧਿਕਾਰੀ ਇਹ ਪਤਾ ਲਗਾਉਣਗੇ ਕਿ ਪਹਿਲੀ ਵਾਰ ਰਕਮ ਕਿਸ ਖਾਤੇ ’ਚ ਗਈ ਅਤੇ ਉਸ ਤੋਂ ਬਾਅਦ ਪੈਸਾ ਕਿਹੜੇ-ਕਿਹੜੇ ਖਾਤਿਆਂ ’ਚ ਟਰਾਂਸਫ਼ਰ ਕੀਤਾ ਗਿਆ।

ਇਸ ਤਰ੍ਹਾਂ ਇਕ ਖਾਤੇ ਤੋਂ ਦੂਜੇ ਖਾਤੇ ਤੱਕ ਪੈਸੇ ਦੀ ਪੂਰੀ ਲੜੀ ਜਾਂਚ ਦਾ ਅਹਿਮ ਆਧਾਰ ਬਣੇਗੀ। ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਐਫਆਈਆਰ ’ਚ ਲਗਾਏ ਗਏ ਦੋਸ਼ਾਂ ਦੀ ਪੁਸ਼ਟੀ ਜਾਂਚ ਤੋਂ ਬਾਅਦ ਹੀ ਹੋਵੇਗੀ। ਜਾਂਚ ਅਧਿਕਾਰੀ ਇੰਸਪੈਕਟਰ ਜੁਝਾਰ ਸਿੰਘ ਮੁਤਾਬਕ ਕਥਿਤ ਧਮਕੀਆਂ ਲਈ ਵਰਤੇ ਗਏ ਹਰ ਡਿਜੀਟਲ ਮਾਧਿਅਮ ਦੀ ਜਾਂਚ ਕੀਤੀ ਜਾਵੇਗੀ। ਪੁਲਿਸ ਇਹ ਪਤਾ ਲਗਾਏਗੀ ਕਿ ਸ਼ਿਕਾਇਤਕਰਤਾ ਨਾਲ ਕਿਹੜੇ ਨੰਬਰਾਂ ਤੋਂ ਸੰਪਰਕ ਕੀਤਾ ਗਿਆ, ਕਿਹੜੇ ਸਮਾਜਕ ਮੰਚ ਜਾਂ ਐਪ ਵਰਤੇ ਗਏ ਅਤੇ ਇਨ੍ਹਾਂ ਸੰਪਰਕਾਂ ਦਾ ਸਬੰਧ ਉਨ੍ਹਾਂ ਬੈਂਕ ਖਾਤਿਆਂ ਨਾਲ ਕਿਵੇਂ ਜੁੜਦਾ ਹੈ, ਜਿਨ੍ਹਾਂ ’ਚ ਰਕਮ ਪਹੁੰਚੀ।ਪੁਲਿਸ ਵਲੋਂ ਲੈਣ-ਦੇਣ ਨਾਲ ਜੁੜੇ ਮੋਬਾਈਲ ਨੰਬਰਾਂ, ਬੈਂਕ ਖਾਤਿਆਂ ਅਤੇ ਹੋਰ ਡਿਜੀਟਲ ਸਬੂਤਾਂ ਦੀ ਜਾਂਚ ਤੋਂ ਬਾਅਦ ਕਥਿਤ ਨੈਟਵਰਕ ਨਾਲ ਜੁੜੇ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਫਿਲਹਾਲ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਤੇ ਪੁਲਿਸ ਨੇ ਅਣਪਛਾਤਿਆਂ ਨੂੰ ਨਾਮਜ਼ਦ ਕੀਤਾ ਹੈ।