- Updated: October 21, 2026 02:32 PM
ਕੈਨੇਡਾ ਅਤੇ ਭਾਰਤ ਵਿਚਾਲੇ ਆਰਥਿਕ ਅਤੇ ਰਣਨੀਤਕ ਸਬੰਧ ਇੱਕ ਵਾਰ ਫਿਰ ਤੋਂ ਪਟੜੀ 'ਤੇ ਪਰਤ ਰਹੇ ਹਨ। ਕੈਨੇਡੀਅਨ ਵਿਦੇਸ਼ ਮੰਤਰੀ ਅਨੀਤਾ ਆਨੰਦ ਅਤੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਦੀ ਅਗਵਾਈ ਹੇਠ ਪਿਛਲੇ 3 ਦਹਾਕਿਆਂ ਦਾ ਸਭ ਤੋਂ ਵੱਡਾ ਕੈਨੇਡੀਅਨ ਵਪਾਰਕ ਪ੍ਰਤੀਨਿਧ ਮੰਡਲ 'ਟੀਮ ਕੈਨੇਡਾ' ਭਾਰਤ ਦੌਰੇ 'ਤੇ ਪਹੁੰਚਿਆ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਕਈ ਵੱਡੇ ਸਮਝੌਤਿਆਂ ਦਾ ਐਲਾਨ ਕੀਤਾ ਗਿਆ ਹੈ।
ਇਸ ਦੌਰਾਨ ਕੈਨੇਡੀਅਨ ਕੰਪਨੀ Fairfax ਨੂੰ ਭਾਰਤ ਦੇ 'IDBI ਬੈਂਕ' 'ਚ ਬਹੁਮਤ ਹਿੱਸੇਦਾਰੀ ਖਰੀਦਣ ਦੀ ਮਨਜ਼ੂਰੀ ਮਿਲ ਗਈ ਹੈ, ਜੋ ਕਿ ਕਿਸੇ ਵਿਦੇਸ਼ੀ ਨਿਵੇਸ਼ਕ ਲਈ ਇੱਕ ਵੱਡੀ ਸਫ਼ਲਤਾ ਹੈ। ਇਸ ਤੋਂ ਇਲਾਵਾ, ਪ੍ਰਸਿੱਧ ਕੈਨੇਡੀਅਨ ਫੂਡ ਕੰਪਨੀ McCain Foods ਨੇ ਭਾਰਤੀ ਕੰਪਨੀ 'Falcon Agrifriz Foods' ਦਾ ਕਾਰੋਬਾਰ ਖਰੀਦ ਕੇ ਭਾਰਤ 'ਚ ਆਪਣਾ ਵਿਸਥਾਰ ਕਰਨ ਦਾ ਐਲਾਨ ਕੀਤਾ ਹੈ।
ਦੋਵਾਂ ਦੇਸ਼ਾਂ ਵਿਚਾਲੇ 'ਵਿਆਪਕ ਆਰਥਿਕ ਭਾਈਵਾਲੀ ਸਮਝੌਤਾ' (CEPA) ਵੀ ਲਗਭਗ ਆਖ਼ਰੀ ਪੜਾਅ 'ਚ ਹੈ। ਉਮੀਦ ਹੈ ਕਿ 11-12 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਦੌਰਾਨ ਇਸ ਇਤਿਹਾਸਕ ਸਮਝੌਤੇ 'ਤੇ ਦਸਤਖ਼ਤ ਹੋ ਜਾਣਗੇ। ਗਲੋਬਲ ਆਰਥਿਕ ਅਨਿਸ਼ਚਿਤਤਾ ਦੇ ਦੌਰ 'ਚ ਭਾਰਤ ਅਤੇ ਕੈਨੇਡਾ ਨੇ ਸਪਲਾਈ ਚੇਨ ਨੂੰ ਮਜ਼ਬੂਤ ਕਰਨ ਅਤੇ ਇੱਕ-ਦੂਜੇ 'ਤੇ ਨਿਰਭਰਤਾ ਵਧਾਉਣ 'ਤੇ ਜ਼ੋਰ ਦਿੱਤਾ ਹੈ। ਕੈਨੇਡੀਅਨ ਵਫ਼ਦ ਨੇ ਮੁੰਬਈ ਅਤੇ ਮਹਾਰਾਸ਼ਟਰ ਵਿੱਚ ਚੱਲ ਰਹੇ ਬੁਨਿਆਦੀ ਢਾਂਚੇ ਦੇ ਵਿਕਾਸ ਜਿਵੇਂ ਕਿ ਡੀਪ-ਵਾਟਰ ਪੋਰਟ ਅਤੇ ਆਫਸ਼ੋਰ ਏਅਰਪੋਰਟ 'ਚ ਨਿਵੇਸ਼ ਕਰਨ 'ਚ ਵੀ ਖ਼ਾਸ ਦਿਲਚਸਪੀ ਦਿਖਾਈ ਹੈ। ਜੇਕਰ ਇਹ ਸਭ ਸਹੀ ਤਰੀਕੇ ਨਾਲ ਲਾਗੂ ਹੋ ਜਾਵੇ ਤਾਂ ਛੇਤੀ ਹੀ ਭਾਰਤ ਤੇ ਕੈਨੇਡਾ ਦੇ ਸਬੰਧ ਪਹਿਲਾਂ ਵਾਂਗ ਆਮ ਹੋ ਜਾਣਗੇ।