ਪੰਜਾਬ ਦੀ ਸਿਆਸਤ ''ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਭਾਜਪਾ ''ਹਿੰਦੂ ਕਾਰਡ'' ਖੇਡਣ ਦੀ ਤਿਆਰੀ ’ਚ 

ਪੰਜਾਬ ਦੀ ਸਿਆਸਤ ''ਚ ਚੋਣਾਂ ਤੋਂ ਪਹਿਲਾਂ ਵੱਡੀ ਹਲਚਲ, ਭਾਜਪਾ ''ਹਿੰਦੂ ਕਾਰਡ'' ਖੇਡਣ ਦੀ ਤਿਆਰੀ ’ਚ 

ਪੰਜਾਬ ਦੀ ਸਿਆਸਤ ’ਚ ਵਾਪਰੇ ਵੱਡੇ ਘਟਨਾਚੱਕਰ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ ਕਿ ਭਾਰਤੀ ਜਨਤਾ ਪਾਰਟੀ 2027 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 'ਹਿੰਦੂ ਕਾਰਡ' ਖੇਡਣ ਦੀ ਰਣਨੀਤੀ ਅਪਣਾ ਸਕਦੀ ਹੈ। ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਸੂਬੇ ’ਚ ਹਿੰਦੂ ਅਤੇ ਦਲਿਤ ਵੋਟਰਾਂ ਦੀ ਸਾਂਝੀ ਗਿਣਤੀ ਕਾਫ਼ੀ ਜ਼ਿਆਦਾ ਹੈ, ਜੋ ਕਿਸੇ ਵੀ ਚੋਣ ਸਮੀਕਰਨ ਨੂੰ ਪ੍ਰਭਾਵਿਤ ਕਰ ਸਕਦੀ ਹੈ। ਭਾਜਪਾ ’ਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ 7 ਸੰਸਦ ਮੈਂਬਰਾਂ ’ਚੋਂ 5 ਹਿੰਦੂ ਭਾਈਚਾਰੇ ਦੇ ਹਨ। ਇਨ੍ਹਾਂ ’ਚ ਰਾਘਵ ਚੱਢਾ, ਅਸ਼ੋਕ ਮਿੱਤਲ, ਸਵਾਤੀ ਮਾਲੀਵਾਲ, ਸੰਦੀਪ ਪਾਠਕ ਅਤੇ ਰਾਜਿੰਦਰ ਗੁਪਤਾ ਸ਼ਾਮਲ ਹਨ। ਹਰਭਜਨ ਸਿੰਘ ਅਤੇ ਵਿਕਰਮਜੀਤ ਸਾਹਨੀ ਸਿੱਖ ਭਾਈਚਾਰੇ ਨਾਲ ਸਬੰਧਤ ਹਨ।

ਇਸ ਘਟਨਾਚੱਕਰ ਨੂੰ ਭਾਜਪਾ ਦੀ ਇਕ ਚੋਣ ਰਣਨੀਤੀ ਵਜੋਂ ਵੇਖਿਆ ਜਾ ਰਿਹਾ ਹੈ। ਸੀਨੀਅਰ ਭਾਜਪਾ ਨੇਤਾਵਾਂ ਦਾ ਮੰਨਣਾ ਹੈ ਕਿ ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਕ ਵੱਡਾ ਸਿਆਸੀ ਕਦਮ ਚੁੱਕਿਆ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਦਾ ਸਿਹਰਾ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਕੁਝ ਦਿਨ ਪਹਿਲਾਂ ਪੰਜਾਬ ’ਚ ਇਕ ਰੈਲੀ ਦੌਰਾਨ ਸੰਕੇਤ ਦਿੱਤਾ ਸੀ ਕਿ ਭਾਜਪਾ ਹੁਣ ਸੂਬੇ ’ਚ 'ਵੱਡੇ ਭਰਾ' ਦੀ ਭੂਮਿਕਾ ਨਿਭਾਅ ਰਹੀ ਹੈ । ਉਹ 2027 ਦੀਆਂ ਵਿਧਾਨ ਸਭਾ ਚੋਣਾਂ ’ਚ ਸਰਕਾਰ ਬਣਾਉਣ ਲਈ ਆਪਣੀ ਪੂਰੀ ਤਾਕਤ ਲਾ ਦੇਵੇਗੀ। ਸੂਤਰਾਂ ਅਨੁਸਾਰ ਭਾਜਪਾ ਪਿਛਲੇ ਕੁਝ ਮਹੀਨਿਆਂ ਤੋਂ ਪੰਜਾਬ ’ਚ ਹਿੰਦੂ ਅਤੇ ਦਲਿਤ ਵੋਟ ਬੈਂਕਾਂ ਨੂੰ ਮਜ਼ਬੂਤ ​​ਕਰਨ ਵੱਲ ਖ਼ਾਸ ਤੌਰ ’ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

ਪਾਰਟੀ ਨੇ ਲੋਕ ਸਭਾ ਦੀਆਂ ਚੋਣਾਂ ’ਚ ਲਗਭਗ 19 ਫ਼ੀਸਦੀ ਵੋਟਾਂ ਹਾਸਲ ਕੀਤੀਆਂ ਸਨ, ਜਿਸ ਕਾਰਨ ਉਹ ਇਹ ਭਰੋਸਾ ਕਰਨ ਲੱਗ ਪਈ ਹੈ ਕਿ ਇਨ੍ਹਾਂ ਦੋਵਾਂ ਭਾਈਚਾਰਿਆਂ ਨਾਲ ਗਠਜੋੜ ਕਰਕੇ ਉਹ ਆਪਣੇ ਦਮ ’ਤੇ ਸੱਤਾ ਹਾਸਲ ਕਰ ਸਕਦੀ ਹੈ। ਇਸ ਰਣਨੀਤੀ ਦੇ ਹਿੱਸੇ ਵਜੋਂ ਕੇਂਦਰ ਸਰਕਾਰ ਦਾ ਧਿਆਨ ਹੁਣ ਪੰਜਾਬ ਦੀ ਸਿਆਸਤ ’ਤੇ ਵਧਦਾ ਜਾਪਦਾ ਹੈ। ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਭਾਜਪਾ ਦੀ ਰਣਨੀਤੀ ਸਮਾਜਿਕ ਸਮੀਕਰਨਾਂ ਤੱਕ ਸੀਮਤ ਨਹੀਂ ਹੈ। ਉਹ ਸ਼ਹਿਰੀ ਖੇਤਰਾਂ ’ਚ ਆਪਣੀ ਪਕੜ ਮਜ਼ਬੂਤ ​​ਕਰਨ ਦੀ ਵੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਦੇ ਕਈ ਸ਼ਹਿਰਾਂ ’ਚ ਹਿੰਦੂ ਵੋਟਰ ਫ਼ੈਸਲਾਕੁੰਨ ਭੂਮਿਕਾ ਨਿਭਾਉਂਦੇ ਹਨ। ਭਾਜਪਾ ਲੰਬੇ ਸਮੇਂ ਤੋਂ ਇਨ੍ਹਾਂ ਖੇਤਰਾਂ ’ਚ ਆਪਣਾ ਆਧਾਰ ਵਧਾਉਣ ਲਈ ਯਤਨਸ਼ੀਲ ਹੈ। ਪਾਰਟੀ ਦਲਿਤ ਭਾਈਚਾਰੇ ਨੂੰ ਲੁਭਾਉਣ ਲਈ ਵੱਖ-ਵੱਖ ਸਮਾਜਿਕ ਅਤੇ ਵਿਕਾਸ ਯੋਜਨਾਵਾਂ ਨੂੰ ਵੀ ਪ੍ਰਮੁੱਖਤਾ ਨਾਲ ਅੱਗੇ ਵਧਾ ਰਹੀ ਹੈ। ਦੂਜੇ ਪਾਸੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਇਸ ਬਦਲਦੇ ਸਿਆਸੀ ਸਮੀਕਰਨ ਕਾਰਨ ਸੁਚੇਤ ਹੋ ਗਈਆਂ ਹਨ। ਦੋਵੇਂ ਪਾਰਟੀਆਂ ਆਪਣੇ ਰਵਾਇਤੀ ਵੋਟ ਬੈਂਕ ਨੂੰ ਬਰਕਰਾਰ ਰੱਖਣ ਤੇ ਨਵੇਂ ਵੋਟਰਾਂ ਨੂੰ ਜੋੜਨ ਲਈ ਰਣਨੀਤੀਆਂ ਤਿਆਰ ਕਰ ਰਹੀਆਂ ਹਨ।