ਨਾਮਜ਼ਦਗੀ ਪੇਪਰ ਭਰਿਆ BJP ਉਮੀਦਵਾਰ ਰਵਨੀਤ ਬਿੱਟੂ ਨੇ, NOC ਲਈ ਜਮ੍ਹਾਂ ਕਰਵਾਉਣੇ ਪਏ 1.83 ਕਰੋੜ

 ਨਾਮਜ਼ਦਗੀ ਪੇਪਰ ਭਰਿਆ BJP ਉਮੀਦਵਾਰ ਰਵਨੀਤ ਬਿੱਟੂ ਨੇ, NOC ਲਈ ਜਮ੍ਹਾਂ ਕਰਵਾਉਣੇ ਪਏ 1.83 ਕਰੋੜ

ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਅੱਜ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਉਨ੍ਹਾਂ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਲੁਧਿਆਣਾ ਵਿਖੇ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਦੇ ਦਫ਼ਤਰ ਵਿਖੇ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ।

ਨਾਮਜ਼ਦਗੀ ਭਰਨ ਤੋਂ ਪਹਿਲਾਂ ਰਵਨੀਤ ਬਿੱਟੂ ਨੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਅਤੇ ਦੁਰਗਾ ਮਾਤਾ ਦੇ ਮੰਦਰ ਮੱਥਾ ਟੇਕਿਆ ਅਤੇ ਨਾਮਜ਼ਦਗੀ ਪੇਪਰ ਭਰਨ ਤੋਂ ਬਾਅਦ ਰੋਡ ਸ਼ੋਅ ਕੱਢਿਆ। ਉਨ੍ਹਾਂ ਨੇ ਵੋਟਰਾਂ ਦੇ ਨਾਂ ਸੰਦੇਸ਼ 'ਚ ਕਿਹਾ ਕਿ ਉਹ ਭਾਜਪਾ ਦੀ ਸਰਕਾਰ ਬਣਨ 'ਤੇ ਸਨਅਤੀ ਸ਼ਹਿਰ ਨੂੰ ਦੇਸ਼ ਦਾ ਸ਼੍ਰੇਸ਼ਟ ਸ਼ਹਿਰ ਬਣਾਉਣਗੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦਾ ਮਾਣ ਵਧਾਇਆ ਹੈ ਅਤੇ ਹੁਣ ਵਿਸ਼ਵ ਸ਼ਕਤੀਆਂ ਭਾਰਤ ਦੀ ਮਹੱਤਤਾ ਨੂੰ ਪਛਾਣਦੀਆਂ ਹਨ।

ਰਵਨੀਤ ਬਿੱਟੂ ਨੂੰ ਲੋਕ ਸਭਾ ਚੋਣਾਂ ਦੌਰਾਨ ਨਾਮਜ਼ਦਗੀ ਦਾਖ਼ਲ ਕਰਨ ਦਾ ਐੱਨ. ਓ. ਸੀ. ਹਾਸਲ ਕਰਨ ਲਈ 1.83 ਕਰੋੜ ਰੁਪਏ ਜਮ੍ਹਾਂ ਕਰਵਾਉਣੇ ਪਏ। ਦਰਅਸਲ ਇਹ ਕਾਰਵਾਈ ਚੋਣ ਕਮਿਸ਼ਨ ਵਲੋਂ ਲਾਈ ਗਈ ਨਾਮਜ਼ਦਗੀ ਦਾਖ਼ਲ ਕਰਨ ਦੀ ਸ਼ਰਤ ਕਾਰਨ ਹੋਈ ਹੈ, ਜਿਸ ਦੇ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਲੋਕ ਸਭਾ ਚੋਣਾਂ ਲੜਨ ਲਈ ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਐਫੀਡੇਵਿਟ ਦੇਣਾ ਪਵੇਗਾ ਕਿ ਉਸ ਦੇ ਪਿਛਲੇ 10 ਸਾਲ ਦੇ ਦੌਰਾਨ ਕਿਸੇ ਪੋਸਟ ਦੇ ਚੱਲਦੇ ਜੋ ਵੀ ਸਰਕਾਰੀ ਰਿਹਾਇਸ਼ ਰਹੀ ਹੈ, ਉਸ ਦਾ ਕਿਰਾਇਆ, ਬਿਜਲੀ, ਪਾਣੀ ਦੇ ਬਿੱਲ ਕਲੀਅਰ ਹੋ ਗਏ ਹਨ। ਇਸ ਲਈ ਸਬੰਧਿਤ ਵਿਭਾਗ ਤੋਂ ਐੱਨ. ਓ. ਸੀ. ਲੈਣੀ ਜ਼ਰੂਰੀ ਹੈ। ਜਿੱਥੋਂ ਤੱਕ ਬਿੱਟੂ ਦਾ ਸਵਾਲ ਹੈ, ਉਨ੍ਹਾਂ ਨੂੰ ਐੱਮ. ਪੀ. ਦੇ ਤੌਰ 'ਤੇ ਨਗਰ ਨਿਗਮ ਵਲੋਂ ਕੋਠੀ ਮਿਲੀ ਹੈ, ਜਿਸ ਦੀ ਐੱਨ. ਓ. ਸੀ. ਮੰਗਣ 'ਤੇ ਨਗਰ ਨਿਗਮ ਵਲੋਂ ਪੀ. ਡਬਲਿਊ. ਡੀ. ਵਿਭਾਗ ਨੂੰ ਕਿਰਾਇਆ ਰਿਵਾਇਜ਼ ਕਰਨ ਲਈ ਭੇਜ ਦਿੱਤਾ ਗਿਆ।