RSS, ਭਾਜਪਾ ਤੇ ਹਿੰਦੂ ਨੇਤਾ ਆਏ ਨਿਸ਼ਾਨੇ ’ਤੇ,ਪੁਲਸ ਨੇ  ਇਨਪੁਟ ਤੋਂ ਬਾਅਦ ਜਾਰੀ ਕੀਤਾ ਅਲਰਟ

RSS, ਭਾਜਪਾ ਤੇ ਹਿੰਦੂ ਨੇਤਾ ਆਏ ਨਿਸ਼ਾਨੇ ’ਤੇ,ਪੁਲਸ ਨੇ  ਇਨਪੁਟ ਤੋਂ ਬਾਅਦ ਜਾਰੀ ਕੀਤਾ ਅਲਰਟ

ਪੰਜਾਬ ’ਚ ਆਗਾਮੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼ ਰਚ ਰਹੇ ਵੱਖਵਾਦੀ ਅਤੇ ਅਸਮਾਜਿਕ ਅਨਸਰਾਂ ਦੀ ਸਰਗਰਮੀ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਅਲਰਟ ਮੋਡ ’ਤੇ ਆ ਗਈਆਂ ਹਨ। ਪੰਜਾਬ ਪੁਲਸ ਦੇ ਇੰਟੈਲੀਜੈਂਸ ਵਿਭਾਗ ਤੋਂ ਮਿਲੇ ਇਨਪੁਟਸ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਲੁਧਿਆਣਾ ਦੇ ਕਈ ਮੁੱਖ ਰਾਸ਼ਟਰੀ ਸਵੈ ਸੇਵਕ ਸੰਘ, ਭਾਰਤੀ ਜਨਤਾ ਪਾਰਟੀ ਅਤੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੁਲਸ ਦੇ ਉੱਚ ਅਧਿਕਾਰੀਆਂ ਨੇ ਖ਼ੁਦ ਇਨ੍ਹਾਂ ਨੇਤਾਵਾਂ ਨਾਲ ਸੰਪਰਕ ਕੀਤਾ ਹੈ ਅਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਇਕੱਲੇ ਜਾਂ ਬਿਨਾਂ ਸੁਰੱਖਿਆ ਘੇਰੇ ਦੇ ਕਿਸੇ ਵੀ ਭੀੜ-ਭੜੱਕੇ ਵਾਲੇ ਇਲਾਕੇ ਵਿਚ ਜਾਣ ਤੋਂ ਪ੍ਰਹੇਜ਼ ਕਰਨ ਲਈ ਕਿਹਾ ਹੈ। ਹਾਲਾਂਕਿ ਪੁਲਸ ਅਧਿਕਾਰੀ ਇਸ ਨੂੰ ਇਕ ਰੂਟੀਨ ਅਭਿਆਸ ਦੱਸ ਰਹੇ ਹਨ।

ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਜਿਨ੍ਹਾਂ ਨੇਤਾਵਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੇ ਵਿਸ਼ੇਸ਼ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ, ਉਨ੍ਹਾਂ ’ਚ ਆਰ. ਐੱਸ. ਐੱਸ. ਦੇ ਸੀਨੀਅਰ ਨੇਤਾ ਯਸ਼ ਗਿਰੀ, ਪੰਜਾਬ ਭਾਜਪਾ ਦੇ ਖ਼ਜ਼ਾਨਚੀ ਤੇ ਸੀਨੀਅਰ ਨੇਤਾ ਗੁਰਦੇਵ ਸ਼ਰਮਾ ਦੇਬੀ, ਮਹੇਸ਼ ਦੱਤ ਸ਼ਰਮਾ, ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ, ਸ਼ਿਵ ਸੈਨਾ ਨੇਤਾ ਗੋਰਾ ਥਾਪਰ, ਹਿੰਦੂ ਨੇਤਾ ਭਾਨੂ ਪ੍ਰਤਾਪ ਸਿੰਘ ਸਮੇਤ ਕਈ ਹੋਰ ਮੁੱਖ ਚਿਹਰੇ ਸ਼ਾਮਲ ਹਨ। ਉੱਚ ਅਧਿਕਾਰੀਆਂ ਦੇ ਆਦੇਸ਼ਾਂ ’ਤੇ ਸਬੰਧਤ ਇਲਾਕਾ ਥਾਣਾ ਇੰਚਾਰਜਾਂ ਨੇ ਇਨ੍ਹਾਂ ਨੇਤਾਵਾਂ ਦੇ ਘਰਾਂ ’ਚ ਪਹੁੰਚ ਕੇ ਨਿੱਜੀ ਤੌਰ ’ਤੇ ਸੁਰੱਖਿਆ ਇੰਤਜ਼ਾਮਾਂ ਦਾ ਜਾਇਜ਼ਾ ਲਿਆ। ਸ਼ਿਵ ਸੈਨਾ ਨੇਤਾ ਗੋਰਾ ਥਾਪਰ ਦੇ ਨਿਵਾਸ ’ਤੇ ਥਾਣਾ ਡਵੀਜ਼ਨ ਨੰਬਰ 4 ਦੇ ਐੱਸ. ਐੱਚ. ਓ. ਨੇ ਖ਼ੁਦ ਜਾ ਕੇ ਚੈਕਿੰਗ ਕੀਤੀ ਅਤੇ ਉਥੇ ਤਾਇਨਾਤ ਸੁਰੱਖਿਆ ਦਸਤੇ ਨਾਲ ਗੱਲਬਾਤ ਕਰਕੇ ਰਾਤ ਦੇ ਸਮੇਂ ਵੀ ਵਾਧੂ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ।

ਸੂਤਰਾਂ ਮੁਤਾਬਕ ਪੁਲਸ ਕਮਿਸ਼ਨਰ ਵੱਲੋਂ ਉੱਚ ਅਧਿਕਾਰੀਆਂ ਨਾਲ ਕੀਤੀ ਗਈ ਵਿਸ਼ੇਸ਼ ਵੀਡੀਓ ਗਰੁੱਪ ਕਾਲਿੰਗ ’ਚ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਸੁਰੱਖਿਆ ’ਚ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸੁਰੱਖਿਆ ਵਿਚ ਤਾਇਨਾਤ ਕਿਸੇ ਵੀ ਪੁਲਸ ਮੁਲਾਜ਼ਮ ਨੂੰ ਆਪਣੇ ਸਬੰਧਤ ਨੇਤਾ ਨੂੰ ਇਕੱਲੇ ਛੱਡਣ ਦੀ ਸਖ਼ਤ ਮਨਾਹੀ ਕੀਤੀ ਗਈ ਹੈ। ਸੁਰੱਖਿਆ ਮੁਲਾਜ਼ਮ ਬਿਨਾਂ ਇਜਾਜ਼ਤ ਜਾਂ ਸੂਚਨਾ ਦੇ ਨਾ ਤਾਂ ਡਿਊਟੀ ਤੋਂ ਹਟਣਗੇ ਅਤੇ ਨਾ ਹੀ ਛੁੱਟੀ ਕਰਨਗੇ। ਆਦੇਸ਼ਾਂ ਦੀ ਉਲੰਘਣਾ ਕਰਨ ਵਾਲੇ ਮੁਲਾਜ਼ਮਾਂ ਖ਼ਿਲਾਫ਼ ਤੁਰੰਤ ਵਿਭਾਗੀ ਅਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਗਈ ਹੈ।

ਸ਼ਿਵ ਸੈਨਾ ਪੰਜਾਬ ਦੇ ਰਾਸ਼ਟਰੀ ਚੇਅਰਮੈਨ ਰਾਜੀਵ ਟੰਡਨ ਨੇ ਦੱਸਿਆ ਕਿ ਧਮਕੀਆਂ ਮਿਲਣਾ ਤਾਂ ਉਨ੍ਹਾਂ ਲਈ ਆਮ ਗੱਲ ਰਹੀ ਹੈ ਪਰ ਕਾਫ਼ੀ ਲੰਬੇ ਸਮੇਂ ਬਾਅਦ ਅਜਿਹਾ ਹੋਇਆ ਹੈ ਕਿ ਪੁਲਸ ਅਧਿਕਾਰੀਆਂ ਦੇ ਖ਼ੁਦ ਫ਼ੋਨ ਆਏ ਹਨ ਅਤੇ ਘਰ ਆ ਕੇ ਬਾਕਾਇਦਾ ਚੈਕਿੰਗ ਕੀਤੀ ਗਈ ਹੈ। ਪੁਲਸ ਨੇ ਸੁਰੱਖਿਆ ਵਿਚ ਤਾਇਨਾਤ ਸਾਰੇ ਜਵਾਨਾਂ ਦਾ ਵੇਰਵਾ ਇਕੱਠਾ ਕੀਤਾ ਹੈ ਅਤੇ ਨੇਤਾਵਾਂ ਨੂੰ ਸਖ਼ਤ ਨਿਰਦੇਸ਼ ਦਿੱਤੇ ਹਨ ਕਿ ਉਹ ਬਿਨਾਂ ਸੁਰੱਖਿਆ ਦੇ ਘਰ ਤੋਂ ਬਾਹਰ ਨਾ ਨਿਕਲਣ ਅਤੇ ਭੀੜ-ਭੜੱਕੇ ਵਾਲੇ ਪ੍ਰੋਗਰਾਮਾਂ ਤੋਂ ਪੂਰੀ ਤਰ੍ਹਾਂ ਦੂਰੀ ਬਣਾ ਕੇ ਰੱਖਣ।

ਪੰਜਾਬ ਭਾਜਪਾ ਦੇ ਖ਼ਜ਼ਾਨਚੀ ਗੁਰਦੇਵ ਸ਼ਰਮਾ ਦੇਬੀ ਨੇ ਇਸ ਪੂਰੀ ਕਾਰਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਪਹਿਲਾਂ ਕਦੇ ਅਜਿਹੇ ਫ਼ੋਨ ਨਹੀਂ ਆਏ। ਜਨਮ ਅਸ਼ਟਮੀ ਵਰਗੇ ਵੱਡੇ ਤਿਉਹਾਰ ਦੀ ਸਵੇਰ ਹੀ ਉਨ੍ਹਾਂ ਕੋਲ ਪੁਲਸ ਅਧਿਕਾਰੀਆਂ ਦੇ ਫ਼ੋਨ ਆਉਣ ਲੱਗੇ ਕਿ ਉਹ ਭੀੜ-ਭੜੱਕੇ ਵਿਚ ਜਾਣ ਤੋਂ ਬਚਣ। ਉਨ੍ਹਾਂ ਦੱਸਿਆ ਕਿ ਸਪੈਸ਼ਲ ਬ੍ਰਾਂਚ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਬੁਲਾ ਕੇ ਪੂਰੀ ਜਾਣਕਾਰੀ ਲਈ ਅਤੇ ਸੁਰੱਖਿਆ ਮੁਲਾਜ਼ਮਾਂ ਨੂੰ ਨਾਲ ਰੱਖਣ ਦੀ ਸਲਾਹ ਦਿੱਤੀ। ਦੇਬੀ ਨੇ ਦੋਸ਼ ਲਾਇਆ ਕਿ ਚੋਣਾਂ ਤੋਂ ਠੀਕ ਪਹਿਲਾਂ ਇਸ ਤਰ੍ਹਾਂ ਦੀਆਂ ਚਿਤਾਵਨੀਆਂ ਨਾਲ ਬਿਨਾਂ ਸਪੱਸ਼ਟ ਇਨਪੁਟ ਦੱਸੇ ਮਾਹੌਲ ਵਿਚ ਭੁਲੇਖਾ ਪੈਦਾ ਕੀਤਾ ਜਾ ਰਿਹਾ ਹੈ।

ਨੇਤਾਵਾਂ ਵਿਚ ਮਚੀ ਹਲਚਲ ਅਤੇ ਸੁਰੱਖਿਆ ਅਲਰਟ ਦੇ ਵਿਚਕਾਰ ਪੁਲਸ ਪ੍ਰਸ਼ਾਸਨ ਨੇ ਕਿਸੇ ਵੀ ਵੱਡੇ ਖ਼ਤਰੇ ਦੀ ਗੱਲ ਨੂੰ ਆਮ ਦੱਸਿਆ ਹੈ। ਏ. ਡੀ. ਸੀ. ਪੀ. ਰੁਪਿੰਦਰ ਕੌਰ ਭੱਟੀ ਨੇ ਸਪੱਸ਼ਟ ਕੀਤਾ ਕਿ ਕਿਸੇ ਵਿਸ਼ੇਸ਼ ਧਮਕੀ ਵਰਗੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਪੁਲਸ ਦੀ ਇਕ ਨਿਯਮਿਤ ਸੁਰੱਖਿਆ ਪ੍ਰਕਿਰਿਆ ਹੈ, ਜੋ ਸਮੇਂ-ਸਮੇਂ ’ਤੇ ਸ਼ਹਿਰ ਦੀ ਸੁਰੱਖਿਆ ਅਤੇ ਕਾਨੂੰਨ-ਵਿਵਸਥਾ ਨੂੰ ਪਰਖਣ ਲਈ ਕੀਤੀ ਜਾਂਦੀ ਹੈ। ਜਿਨ੍ਹਾਂ ਨੇਤਾਵਾਂ ਨੂੰ ਸੁਰੱਖਿਆ ਦਿੱਤੀ ਗਈ ਹੈ, ਉਨ੍ਹਾਂ ਦੇ ਸੁਰੱਖਿਆ ਘੇਰੇ ਦੀ ਸਮੇਂ-ਸਮੇਂ ’ਤੇ ਸਮੀਖਿਆ ਕਰਨਾ ਅਤੇ ਤਾਇਨਾਤ ਜਵਾਨਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨਾ ਵਿਭਾਗ ਦੀ ਆਮ ਕਾਰਜਪ੍ਰਣਾਲੀ ਦਾ ਹਿੱਸਾ ਹੈ।