- Updated: September 11, 2023 04:28 PM
ਬ੍ਰਿਟੇਨ ਨੇ ਐਤਵਾਰ ਨੂੰ ਕਿਹਾ ਕਿ ਉਹ ਜਲਵਾਯੂ ਤਬਦੀਲੀ ਨਾਲ ਨਜਿੱਠਣ ’ਚ ਦੁਨੀਆ ਦੀ ਮਦਦ ਕਰਨ ਦੇ ਮਕਸਦ ਨਾਲ ਗ੍ਰੀਨ ਕਲਾਈਮੇਟ ਫੰਡ (ਜੀ. ਸੀ. ਐੱਫ.) ਲਈ 2 ਅਰਬ ਅਮਰੀਕੀ ਡਾਲਰ ਦੇਵੇਗਾ। ਭਾਰਤ ’ਚ ਬ੍ਰਿਟੇਨ ਦੇ ਹਾਈ ਕਮਿਸ਼ਨ ਨੇ ਦੱਸਿਆ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨੂੰ ਘੱਟ ਕਰਨ ਅਤੇ ਉਸ ਅਨੁਸਾਰ ਢਲਣ ’ਚ ਦੁਨੀਆ ਦੇ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਇਹ ਵਿੱਤੀ ਯੋਗਦਾਨ ਦੇਣ ਦਾ ਐਲਾਨ ਕੀਤਾ ਹੈ।
ਸੁਨਕ ਨੇ ਨਵੀਂ ਦਿੱਲੀ ’ਚ ਆਯੋਜਿਤ 2 ਦਿਨਾ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਦੌਰਾਨ ਇਹ ਐਲਾਨ ਕੀਤਾ ਸੀ। ਉਨ੍ਹਾਂ ਜੀ-20 ਨੇਤਾਵਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, ‘‘ਬ੍ਰਿਟੇਨ ਕਾਰਬਨ ਨਿਕਾਸੀ ਦੀ ਮਾਤਰਾ ਘੱਟ ਕਰਨ ਵਾਲੇ ਮਾਧਿਅਮ ਅਪਣਾ ਕੇ ਅਤੇ ਜਲਵਾਯੂ ਤਬਦੀਲੀ ਦੇ ਪ੍ਰਭਾਵ ਨਾਲ ਨਜਿੱਠਣ ’ਚ ਦੁਨੀਆ ਦੇ ਸਭ ਤੋਂ ਕਮਜ਼ੋਰ ਲੋਕਾਂ ਦੀ ਮਦਦ ਕਰ ਕੇ ਆਪਣੀਆਂ ਜਲਵਾਯੂ ਵਚਨਬੱਧਤਾਵਾਂ ਦੀ ਦਿਸ਼ਾ ’ਚ ਅੱਗੇ ਵਧ ਰਿਹਾ ਹੈ ਅਤੇ ਉਨ੍ਹਾਂ ਨੂੰ ਪੂਰਾ ਕਰ ਰਿਹਾ ਹੈ।’’ ਸੁਨਕ ਨੇ ਕਿਹਾ, ‘‘ਦੁਨੀਆ ਜੀ-20 ਦੇਸ਼ਾਂ ਤੋਂ ਇਸੇ ਤਰ੍ਹਾਂ ਦੀ ਅਗਵਾਈ ਦੀ ਉਮੀਦ ਕਰਦੀ ਹੈ। ਇਹ ਸਰਕਾਰ ਬ੍ਰਿਟੇਨ ਅਤੇ ਦੁਨੀਆ ਨੂੰ ਹੋਰ ਵਧੇਰੇ ਖੁਸ਼ਹਾਲ ਅਤੇ ਸੁਰੱਖਿਅਤ ਬਣਾਉਣ ਲਈ ਉਦਾਹਰਣ ਪੇਸ਼ ਕਰਦੀ ਰਹੇਗੀ।’’ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ‘10-ਡਾਊਨਿੰਗ ਸਟਰੀਟ’ ਨੇ ਦੱਸਿਆ ਕਿ ਸੁਨਕ ਨੇ ਵਿਸ਼ਵ ਭਰ ਦੇ ਨੇਤਾਵਾਂ ਨੂੰ ਆਪਣੇ ਦੇਸ਼ਾਂ ’ਚ ਕਾਰਬਨ ਨਿਕਾਸੀ ਘੱਟ ਕਰਨ ਅਤੇ ਜਲਵਾਯੂ ਤਬਦੀਲੀ ਦੇ ਨਤੀਜਿਆਂ ਨਾਲ ਨਜਿੱਠਣ ਲਈ ਇਸ ਸਾਲ ਦਸੰਬਰ ’ਚ ਹੋਣ ਵਾਲੇ ਸੀ. ਓ. ਪੀ.-28 ਸਿਖਰ ਸੰਮੇਲਨ ਤੋਂ ਪਹਿਲਾਂ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਕਿ ਕਮਜ਼ੋਰ ਅਰਥਵਿਵਸਥਾਵਾਂ ਦੀ ਮਦਦ ਕੀਤੀ ਜਾ ਸਕੇ।