- Updated: October 12, 2026 08:53 PM
ਅਟਾਰੀ ਸਰਹੱਦ 'ਤੇ ਸਥਿਤ ਕੰਡਿਆਲੀ ਤਾਰ ਦੇ ਨਜ਼ਦੀਕ ਤੋਂ ਭਾਰਤੀ ਸਰਹੱਦ ਅੰਦਰ ਨਜਾਇਜ਼ ਤਰੀਕੇ ਨਾਲ ਦਾਖ਼ਲ ਹੋਏ ਇੱਕ ਪਾਕਿਸਤਾਨੀ ਨਾਗਰਿਕ ਨੂੰ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਕਾਬੂ ਕਰ ਲਿਆ ਹੈ। ਬੀ.ਓ.ਪੀ. ਪੁੱਲਮੋਰਾ ਕੰਜਰੀ ਦੇ ਨਜ਼ਦੀਕ ਅਟਾਰੀ ਬਾਰਡਰ 'ਤੇ ਤਾਇਨਾਤ 100 ਬਟਾਲੀਅਨ ਦੇ ਜਵਾਨਾਂ ਨੂੰ ਡਿਊਟੀ ਦੌਰਾਨ ਸ਼ੱਕੀ ਹਿਲਜੁਲ ਮਹਿਸੂਸ ਹੋਈ। ਭਾਰਤੀ ਸੀਮਾ ਅੰਦਰ ਘੁਸਪੈਠ ਕਰ ਰਹੇ ਪਾਕਿਸਤਾਨੀ ਨਾਗਰਿਕ ਨੂੰ ਜਵਾਨਾਂ ਨੇ ਰੁਕਣ ਲਈ ਕਿਹਾ, ਪਰ ਉਸ ਦੇ ਅੱਗੇ ਵਧਣ 'ਤੇ BSF ਜਵਾਨਾਂ ਨੇ ਉਸ ਨੂੰ ਘੇਰਾ ਪਾ ਕੇ ਫੜ ਲਿਆ। ਇਸ ਦੀ ਸੂਚਨਾ ਮਿਲਦਿਆਂ ਹੀ ਸੀਮਾ ਸੁਰੱਖਿਆ ਬਲ ਦੇ ਉੱਚ ਅਧਿਕਾਰੀ ਵੀ ਘਟਨਾ ਸਥਾਨ 'ਤੇ ਪਹੁੰਚ ਗਏ।
ਕਾਬੂ ਕੀਤੇ ਗਏ ਪਾਕਿਸਤਾਨੀ ਨਾਗਰਿਕ ਦੀ ਪਛਾਣ ਮੁਹੰਮਦ ਅਵੈਸ ਪੁੱਤਰ ਮੁਹੰਮਦ ਇਲਿਆਸ, ਵਾਸੀ ਪਿੰਡ ਬਾਠ, ਥਾਣਾ ਮੁੰਡਾ ਪਿੰਡ, ਜ਼ਿਲ੍ਹਾ ਫੈਸਲਾਬਾਦ (ਪਾਕਿਸਤਾਨ) ਵਜੋਂ ਹੋਈ ਹੈ। BSF ਦੇ ਉੱਚ ਅਧਿਕਾਰੀਆਂ ਵੱਲੋਂ ਉਕਤ ਪਾਕਿਸਤਾਨੀ ਨਾਗਰਿਕ ਨੂੰ ਪੁਲਿਸ ਥਾਣਾ ਘਰਿੰਡਾ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਵੱਲੋਂ ਉਸ ਕੋਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਇਰਾਦੇ ਨਾਲ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋਇਆ ਸੀ। ਥਾਣਾ ਘਰਿੰਡਾ ਪੁਲਸ ਵੱਲੋਂ ਮਾਮਲੇ ਵਿੱਚ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।