- Updated: September 01, 2026 01:45 PM
ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਸਰਹੱਦੀ ਇਲਾਕਿਆਂ 'ਚ ਬੀ.ਐੱਸ.ਐੱਫ. ਤੇ ਪੁਲਸ ਨੇ ਨਸ਼ਾ ਤਸਕਰੀ ਖਿਲਾਫ ਸਾਂਝੀ ਕਾਰਵਾਈ ਕਰਦਿਆਂ ਵੱਡੀ ਸਫਲਤਾ ਹਾਸਲ ਕੀਤੀ ਹੈ। ਵੱਖ-ਵੱਖ ਥਾਵਾਂ 'ਤੇ ਕੀਤੀਆਂ ਚਾਰ ਕਾਰਵਾਈਆਂ 'ਚ ਕੁੱਲ 1 ਕਿਲੋ 54 ਗ੍ਰਾਮ ਨਸ਼ੀਲਾ ਪਦਾਰਥ ਅਤੇ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਬਰਾਮਦ ਹੋਈ ਹੈ, ਜਦਕਿ ਇੱਕ ਤਸਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਹਿਲੀ ਕਾਰਵਾਈ ਘਰਿੰਡਾ ਥਾਣਾ ਖੇਤਰ ਦੇ ਬੀ.ਓ.ਪੀ. ਕਾਹਨਗੜ੍ਹ 'ਚ ਹੋਈ। ਬੀ.ਐੱਸ.ਐੱਫ. ਦੀ 181 ਬਟਾਲੀਅਨ ਦੇ ਜਵਾਨਾਂ ਨੇ ਸੋਮਵਾਰ ਦੇਰ ਰਾਤ ਤਲਾਸ਼ੀ ਦੌਰਾਨ ਇੱਕ ਪੈਕਟ ਬਰਾਮਦ ਕੀਤਾ, ਜਿਸ 'ਚੋਂ 577 ਗ੍ਰਾਮ ਆਈਸ ਡਰੱਗ ਨਿਕਲੀ। ਦੂਜੀ ਕਾਰਵਾਈ 'ਚ ਬੀ.ਐੱਸ.ਐੱਫ. ਨੇ ਬੀ.ਓ.ਪੀ. ਦਾਓਕੇ ਨੇੜਿਓਂ 1 ਲੱਖ 98 ਹਜ਼ਾਰ ਰੁਪਏ ਦੀ ਜਾਅਲੀ ਕਰੰਸੀ ਬਰਾਮਦ ਕੀਤੀ। ਬੀ.ਐੱਸ.ਐੱਫ. ਕੰਪਨੀ ਕਮਾਂਡਰ ਰਮੇਸ਼ ਚੰਦਰ ਸ਼ਾਹ ਦੀ ਸ਼ਿਕਾਇਤ 'ਤੇ ਘਰਿੰਡਾ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਇਹ ਨੈੱਟਵਰਕ ਕਿੱਥੋਂ ਓਪਰੇਟ ਹੋ ਰਿਹਾ ਸੀ।
ਤੀਸਰੀ ਕਾਰਵਾਈ ਭਿੰਡੀਸੈਦਾ ਥਾਣਾ ਖੇਤਰ 'ਚ ਹੋਈ। ਬੀ.ਐੱਸ.ਐੱਫ. ਦੀ 45 ਬਟਾਲੀਅਨ ਨੇ ਪਿੰਡ ਬੁਰਜ ਦੇ ਬਾਹਰੋਂ ਲਾਵਾਰਿਸ ਹਾਲਤ 'ਚ ਪਿਆ ਇੱਕ ਪੈਕਟ ਬਰਾਮਦ ਕੀਤਾ, ਜਿਸ 'ਚੋਂ 766 ਗ੍ਰਾਮ ਅਫੀਮ ਮਿਲੀ। ਚੌਥੀ ਕਾਰਵਾਈ 'ਚ ਲੋਪੋਕੇ ਪੁਲਸ ਨੇ ਵੱਡੀ ਸਫਲਤਾ ਹਾਸਲ ਕੀਤੀ। ਪੁਲਸ ਨੇ ਲਿੰਕ ਰੋਡ ਹੇਤਮਪੁਰਾ ਨੇੜੇ ਗਸ਼ਤ ਦੌਰਾਨ ਲੋਧੀ ਗੁੱਜਰ ਵਾਸੀ ਗੁਰਮੇਜ ਸਿੰਘ ਨੂੰ ਕਾਬੂ ਕੀਤਾ। ਤਲਾਸ਼ੀ ਦੌਰਾਨ ਉਸ ਕੋਲੋਂ 205 ਗ੍ਰਾਮ ਹੈਰੋਇਨ ਅਤੇ 1,200 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਪੁਲਸ ਨੇ ਮੁਲਜ਼ਮ ਖਿਲਾਫ ਐਨ. ਡੀ. ਪੀ. ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।