- Updated: September 01, 2026 09:48 AM
ਅਮਰੀਕਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਜਸਟਿਸ ਡਿਪਾਰਟਮੈਂਟ ਨੇ ਭਾਰਤੀ ਮੂਲ ਦੇ 55 ਸਾਲਾ ਟੈਕਸੀ ਡਰਾਈਵਰ ਗੁਰਮੀਤ ਸਿੰਘ ਦੀ ਅਮਰੀਕੀ ਨਾਗਰਿਕਤਾ ਰੱਦ ਕਰ ਦਿੱਤੀ ਹੈ। ਅਮਰੀਕੀ ਫੈਡਰਲ ਅਦਾਲਤ ਵੱਲੋਂ ਇਹ ਫੈਸਲਾ ਗੁਰਮੀਤ ਸਿੰਘ ਵੱਲੋਂ ਕਿਡਨੈਪਿੰਗ ਅਤੇ ਜਬਰ-ਜ਼ਨਾਹ ਵਰਗੇ ਗੰਭੀਰ ਅਪਰਾਧਾਂ ਨੂੰ ਲੁਕਾ ਕੇ ਅਤੇ ਝੂਠ ਬੋਲ ਕੇ ਨਾਗਰਿਕਤਾ ਹਾਸਲ ਕਰਨ ਦੇ ਮਾਮਲੇ 'ਚ ਸੁਣਾਇਆ ਗਿਆ ਹੈ।
ਗੁਰਮੀਤ ਸਿੰਘ ਫਰਵਰੀ 1992 'ਚ 6 ਮਹੀਨੇ ਦੀ ਮਿਆਦ ਦੇ ਟੂਰਿਸਟ ਵੀਜ਼ੇ 'ਤੇ ਅਮਰੀਕਾ ਆਇਆ ਸੀ, ਪਰ ਵੀਜ਼ਾ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਵੀ ਉਹ ਗੈਰ-ਕਾਨੂੰਨੀ ਤੌਰ 'ਤੇ ਉੱਥੇ ਹੀ ਰਿਹਾ। ਇਸ ਮਗਰੋਂ ਜੂਨ 2000 'ਚ ਫੈਮਿਲੀ-ਬੇਸਡ ਇਮੀਗ੍ਰੈਂਟ ਵੀਜ਼ਾ ਪਟੀਸ਼ਨ ਰਾਹੀਂ ਉਸ ਨੂੰ ਗ੍ਰੀਨ ਕਾਰਡ ਮਿਲ ਗਿਆ।
ਮਈ 2011 'ਚ ਟੈਕਸੀ ਚਲਾਉਂਦੇ ਸਮੇਂ ਗੁਰਮੀਤ ਸਿੰਘ ਨੇ ਇੱਕ ਮਹਿਲਾ ਯਾਤਰੀ ਨਾਲ ਅਪਰਾਧ ਕੀਤਾ। ਜਦੋਂ ਸਵਾਰੀ ਗੱਡੀ 'ਚ ਹੀ ਸੌਂ ਗਈ, ਤਾਂ ਉਸ ਨੇ ਔਰਤ ਦੀ ਧੌਣ 'ਤੇ ਚਾਕੂ ਰੱਖ ਕੇ ਉਸ ਦੇ ਹੱਥ-ਪੈਰ ਬੰਨ੍ਹ ਦਿੱਤੇ, ਅੱਖਾਂ 'ਤੇ ਪੱਟੀ ਬੰਨ੍ਹ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ। ਪੀੜਤਾ ਨੇ ਕਿਸੇ ਤਰ੍ਹਾਂ ਟੈਕਸੀ 'ਚੋਂ ਭੱਜ ਕੇ ਆਪਣੀ ਜਾਨ ਬਚਾਈ।
ਇਸ ਸ਼ਰਮਨਾਕ ਕਾਰੇ ਤੋਂ ਕੁਝ ਹਫ਼ਤਿਆਂ ਬਾਅਦ ਹੀ ਉਸ ਨੇ ਨਾਗਰਿਕਤਾ ਲਈ ਅਪਲਾਈ ਕੀਤਾ। ਪੁਲਸ ਅਤੇ ਅਧਿਕਾਰੀਆਂ ਤੋਂ ਆਪਣਾ ਅਪਰਾਧਿਕ ਰਿਕਾਰਡ ਲੁਕਾ ਕੇ ਉਹ ਅਕਤੂਬਰ 2011 'ਚ ਅਮਰੀਕੀ ਨਾਗਰਿਕ ਬਣ ਗਿਆ। ਨਾਗਰਿਕਤਾ ਮਿਲਣ ਤੋਂ ਬਾਅਦ 2014 'ਚ ਨਿਊਯਾਰਕ ਅਦਾਲਤ ਨੇ ਉਸ ਨੂੰ ਰੇਪ ਅਤੇ ਕਿਡਨੈਪਿੰਗ ਦੇ ਦੋਸ਼ਾਂ 'ਚ 20 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ। ਅਟਾਰਨੀ ਜਨਰਲ ਟੌਡ ਬਲੈਂਚ ਅਤੇ ਜਸਟਿਸ ਡਿਪਾਰਟਮੈਂਟ ਨੇ ਕੇਸ ਦੀ ਜਾਂਚ ਕੀਤੀ, ਜਿਸ ਤੋਂ ਬਾਅਦ 26 ਅਗਸਤ ਨੂੰ 'ਈਸਟਰਨ ਡਿਸਟ੍ਰਿਕਟ ਆਫ਼ ਨਿਊਯਾਰਕ' ਦੀ ਅਦਾਲਤ ਨੇ ਉਸ ਦੀ ਨਾਗਰਿਕਤਾ ਰੱਦ ਕਰਨ ਦਾ ਹੁਕਮ ਦਿੱਤਾ।
ਅਟਾਰਨੀ ਜਨਰਲ ਟੌਡ ਬਲੈਂਚ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਗੁਰਮੀਤ ਸਿੰਘ ਹੁਣ ਅਮਰੀਕੀ ਨਾਗਰਿਕ ਨਹੀਂ ਰਿਹਾ। ਧੋਖੇ ਨਾਲ ਹਾਸਲ ਕੀਤੀ ਨਾਗਰਿਕਤਾ ਅਪਰਾਧੀਆਂ ਨੂੰ ਇਨਸਾਫ਼ ਤੋਂ ਨਹੀਂ ਬਚਾ ਸਕਦੀ। ਉੱਥੇ ਹੀ ਯੂ.ਐੱਸ. ਅਟਾਰਨੀ ਜੋਸਫ਼ ਨੋਸੇਲਾ ਜੂਨੀਅਰ ਨੇ ਕਿਹਾ ਕਿ ਇਹ ਫੈਸਲਾ ਉਨ੍ਹਾਂ ਸਾਰੇ ਲੋਕਾਂ ਲਈ ਇੱਕ ਸਖ਼ਤ ਸੁਨੇਹਾ ਹੈ ਜੋ ਧੋਖੇ ਨਾਲ ਅਮਰੀਕੀ ਨਾਗਰਿਕਤਾ ਹਾਸਲ ਕਰਦੇ ਹਨ। ਸਜ਼ਾ ਪੂਰੀ ਹੋਣ ਤੋਂ ਬਾਅਦ ਜਾਂ ਕਾਨੂੰਨੀ ਪ੍ਰਕਿਰਿਆ ਤਹਿਤ ਗੁਰਮੀਤ ਸਿੰਘ ਨੂੰ ਭਾਰਤ ਡਿਪੋਰਟ ਵੀ ਕੀਤਾ ਜਾ ਸਕਦਾ ਹੈ।