- Updated: August 31, 2026 06:12 PM
ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ‘ਚ ਉਸ ਵੇਲੇ ਦਹਿਸ਼ਤ ਮਾਹੌਲ ਬਣ ਗਿਆ, ਜਦੋਂ ਵਾਰਡ ਨੰਬਰ ਪੰਜ ਦੇ ਕਾਂਗਰਸੀ ਕੌਂਸਲਰ ਰਣਜੀਤ ਸਿੰਘ ਦਿਓ ਦੇ ਚਾਚਾ ਅਮਰਜੀਤ ਸਿੰਘ ਦਿਓ ਨੂੰ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ। ਉਨ੍ਹਾਂ ਨੂੰ ਜ਼ਖਮੀ ਹਾਲਤ ਵਿਚ ਫਤਿਹਗੜ੍ਹ ਚੂੜੀਆਂ ਦੇ ਸਰਕਾਰੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਅੰਮ੍ਰਿਤਸਰ ਲਈ ਰੈਫਰ ਕਰ ਦਿੱਤਾ। ਮੌਕੇ ‘ਤੇ ਫਤਿਹਗੜ੍ਹ ਚੂੜੀਆਂ ਦੇ ਡੀਐਸਪੀ ਲਲਿਤ ਕੁਮਾਰ ਅਤੇ ਐਸਐਚਓ ਗੁਰਿੰਦਰ ਸਿੰਘ ਢਿੱਲੋਂ ਪਹੁੰਚੇ ਤੇ ਉਹਨਾਂ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜ਼ਖਮੀ ਅਮਰਜੀਤ ਸਿੰਘ ਨਗਰ ਕੌਂਸਲ ਤੇ ਪ੍ਰਧਾਨ ਕੁਲਵਿੰਦਰ ਸਿੰਘ ਲਾਲੀ ਅਤੇ ਜਖਮੀ ਦੇ ਭਤੀਜੇ ਗੁਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਮਰਜੀਤ ਸਿੰਘ ਸਟੇਸ਼ਨ ਰੋਡ ਤੋਂ ਅਜਨਾਲਾ ਰੋਡ ਨੂੰ ਜਾ ਰਹੇ ਸਨ ਤਾਂ ਰਸਤੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੇ ਰੋਕ ਕੇ ਉਹਨਾਂ ਉੱਪਰ ਗੋਲੀਆਂ ਚਲਾ ਦਿੱਤੀਆਂ। ਗੋਲੀ ਉਹਨਾਂ ਦੇ ਮੋਢੇ ‘ਤੇ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਏ।
ਉਹਨਾਂ ਨੂੰ ਫਤਿਹਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ। ਮੌਕੇ ‘ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੀਐਸਪੀ ਲਲਤ ਕੁਮਾਰ ਨੇ ਕਿਹਾ ਕਿ ਜਲਦੀ ਹੀ ਦੋਸ਼ੀਆਂ ਦੀ ਪਛਾਣ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।