- Updated: October 22, 2026 08:25 PM
ਪੰਜਾਬ ਵਿਜੀਲੈਂਸ ਬਿਊਰੋ ਨੇ ਮਾਲ ਹਲਕਾ ਚਾਉਕੇ ਤਹਿਸੀਲ ਮੌੜ ਜ਼ਿਲ੍ਹਾ ਬਠਿੰਡਾ ਦੇ ਪਟਵਾਰੀ ਮਨਿੰਦਰ ਸਿੰਘ ਦੇ ਪ੍ਰਾਈਵੇਟ ਸਹਾਇਕ ਪ੍ਰਿਤਪਾਲ ਸਿੰਘ ਨੂੰ 30,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਨੂੰ ਪਿੰਡ ਠੀਕਰੀਵਾਲਾ ਜ਼ਿਲ੍ਹਾ ਬਰਨਾਲਾ ਦੇ ਇਕ ਵਾਸੀ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫਤਾਰ ਕੀਤਾ ਗਿਆ ਹੈ।
ਬੁਲਾਰੇ ਨੇ ਕਿਹਾ ਕਿ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਸ਼ਿਕਾਇਤਕਰਤਾ ਨੇ ਆਪਣੇ ਭਰਾ ਅਤੇ ਭੈਣ ਨਾਲ ਮਿਲ ਕੇ ਸਾਲ 2002 ’ਚ ਪਿੰਡ ਚਾਉਕੇ ’ਚ ਜ਼ਮੀਨ ਖਰੀਦੀ ਸੀ। ਹਾਲ ਹੀ ’ਚ, ਸ਼ਿਕਾਇਤਕਰਤਾ ਨੇ ਪਾਇਆ ਕਿ ਮਾਲ ਰਿਕਾਰਡ ’ਚ ਹਾਲੇ ਵੀ ਉਨ੍ਹਾਂ ਦੇ ਨਾਵਾਂ ਦੀ ਬਜਾਏ ਪਿਛਲੇ ਵੇਚਣ ਵਾਲੇ ਦਾ ਨਾਂ ਦਰਜ ਹੈ। ਇਸ ਤਰੁਟੀ ਨੂੰ ਦਰੁਸਤ ਕਰਵਾਉਣ ਲਈ ਸ਼ਿਕਾਇਤਕਰਤਾ ਨੇ ਸਬੰਧਤ ਪਟਵਾਰੀ, ਮਨਿੰਦਰ ਸਿੰਘ, ਮਾਲ ਹਲਕਾ, ਚਾਉਕੇ ਨਾਲ ਸੰਪਰਕ ਕੀਤਾ। ਉਨ੍ਹਾਂ ਦੱਸਿਆ ਕਿ ਪਟਵਾਰੀ ਨੇ ਉਸਨੂੰ ਆਪਣੇ ਪ੍ਰਾਈਵੇਟ ਸਹਾਇਕ, ਪ੍ਰਿਤਪਾਲ ਸਿੰਘ ਨਾਲ ਰਾਬਤਾ ਕਰਨ ਲਈ ਕਿਹਾ। ਬਾਅਦ ’ਚ ਪ੍ਰਿਤਪਾਲ ਨੇ ਰਿਕਾਰਡ ’ਚ ਉਕਤ ਸੋਧ ਕਰਨ ਲਈ 150000 ਰਿਸ਼ਵਤ ਦੀ ਮੰਗ ਕੀਤੀ।
ਬੁਲਾਰੇ ਨੇ ਅੱਗੇ ਕਿਹਾ ਕਿ ਜਦੋਂ ਸ਼ਿਕਾਇਤਕਰਤਾ ਪਟਵਾਰੀ ਦਫਤਰ ਦੁਬਾਰਾ ਗਿਆ ਤਾਂ ਮੁਲਜ਼ਮ ਪ੍ਰਿਤਪਾਲ ਸਿੰਘ ਉਸਨੂੰ ਦਫਤਰ ਦੀ ਇਮਾਰਤ ਦੇ ਪਿੱਛੇ ਲੈ ਗਿਆ ਅਤੇ ਪਟਵਾਰੀ ਮਨਿੰਦਰ ਸਿੰਘ ਨਾਲ ਉਸ ਦੀ ਫੋਨ ’ਤੇ ਗੱਲ ਕਰਵਾਈ ਗਈ। ਇਸ ਗੱਲਬਾਤ ਦੌਰਾਨ ਪਟਵਾਰੀ 1,40,000 ਰਿਸ਼ਵਤ ਲਈ ਮੰਨ ਗਿਆ ਅਤੇ ਮੁਲਜ਼ਮ ਪ੍ਰਿਤਪਾਲ ਸਿੰਘ ਨੇ ਮੌਕੇ ’ਤੇ ਸ਼ਿਕਾਇਤਕਰਤਾ ਤੋਂ 2000 ਦੀ ਰਿਸ਼ਵਤ ਲੈ ਲਈ ਅਤੇ ਸ਼ਿਕਾਇਤਕਰਤਾ ਨੂੰ ਅਗਲੀ ਕਿਸ਼ਤ 22 ਅਕਤੂਬਰ ਨੂੰ ਦੇਣ ਲਈ ਕਿਹਾ।
ਗੈਰ-ਕਾਨੂੰਨੀ ਰਿਸ਼ਵਤ ਦੇਣ ਤੋਂ ਇਨਕਾਰ ਕਰਦਿਆਂ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨਾਲ ਰਾਬਤਾ ਕੀਤਾ। ਉਸਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ, ਵਿਜੀਲੈਂਸ ਬਿਊਰੋ ਦੀ ਟੀਮ ਨੇ ਪਟਵਾਰੀ ਦੇ ਪ੍ਰਾਇਵੇਟ ਸਹਾਇਕ ਮੁਲਜ਼ਮ ਪ੍ਰਿਤਪਾਲ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਸ਼ਿਕਾਇਤਕਰਤਾ ਤੋਂ 30000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਸਬੰਧ ’ਚ ਮੁਲਜ਼ਮ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।