- Updated: July 26, 2023 03:19 PM
ਕੰਬੋਡੀਆ ਵਿੱਚ ਦਹਾਕਿਆਂ ਤੱਕ ਸੱਤਾ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਹੁਨ ਸੇਨ ਨੇ ਕਿਹਾ ਕਿ ਉਹ ਤਿੰਨ ਹਫ਼ਤਿਆਂ ਵਿੱਚ ਅਹੁਦਾ ਛੱਡ ਦੇਣਗੇ ਅਤੇ ਆਪਣੇ ਵੱਡੇ ਪੁੱਤਰ ਹੁਨ ਮਾਨੇਟ ਨੂੰ ਸੱਤਾ ਸੌਂਪ ਦੇਣਗੇ। ਪ੍ਰਧਾਨ ਮੰਤਰੀ ਹੁਨ ਸੇਨ ਨੇ ਬੁੱਧਵਾਰ ਨੂੰ ਇਹ ਘੋਸ਼ਣਾ ਉਦੋਂ ਕੀਤੀ ਜਦੋਂ ਉਨ੍ਹਾਂ ਦੀ ਕੰਬੋਡੀਅਨ ਪੀਪਲਜ਼ ਪਾਰਟੀ ਨੇ ਹਫ਼ਤੇ ਦੇ ਅੰਤ ਵਿੱਚ ਹੋਈਆਂ ਚੋਣਾਂ ਵਿੱਚ ਮੁੱਖ ਵਿਰੋਧੀ ਧਿਰ 'ਤੇ ਲਗਭਗ ਹੂੰਝਾਫੇਰ ਜਿੱਤ ਹਾਸਲ ਕੀਤੀ।
ਹਾਲਾਂਕਿ ਪੱਛਮੀ ਦੇਸ਼ਾਂ ਅਤੇ ਅਧਿਕਾਰ ਕਾਰਕੁਨਾਂ ਦਾ ਕਹਿਣਾ ਹੈ ਕਿ ਇਹ ਚੋਣਾਂ ਨਾ ਤਾਂ ਆਜ਼ਾਦ ਹਨ ਅਤੇ ਨਾ ਹੀ ਨਿਰਪੱਖ ਹਨ। ਹੁਨ ਸੇਨ ਪਿਛਲੇ 38 ਸਾਲਾਂ ਤੋਂ ਦੇਸ਼ ਦੀ ਅਗਵਾਈ ਕਰ ਰਹੇ ਹਨ ਅਤੇ ਉਨ੍ਹਾਂ ਨੇ ਚੋਣਾਂ ਤੋਂ ਪਹਿਲਾਂ ਐਲਾਨ ਕੀਤਾ ਸੀ ਕਿ ਉਹ ਆਪਣੇ ਵੱਡੇ ਪੁੱਤਰ ਹੁਨ ਮਨੇਟ ਨੂੰ ਵਾਗਡੋਰ ਸੌਂਪਣਗੇ। ਹੁਨ ਮਾਨੇਟ ਇਸ ਸਮੇਂ ਦੇਸ਼ ਦੀ ਸੈਨਾ ਦੇ ਮੁਖੀ ਹਨ ਅਤੇ ਉਸ ਨੇ ਐਤਵਾਰ ਨੂੰ ਹੋਈਆਂ ਚੋਣਾਂ ਵਿੱਚ ਪਹਿਲੀ ਵਾਰ ਸੰਸਦੀ ਸੀਟ ਜਿੱਤੀ ਹੈ।