- Updated: July 26, 2023 02:49 PM
ਕਸਬਾ ਭਦੌੜ ਦੇ ਨਾਲ ਲੱਗਦੇ ਪਿੰਡ ਸੰਧੂ ਕਲਾਂ ਤੋਂ ਦੁੱਖਦਾਈ ਘਟਨਾ ਸਾਹਮਣੇ ਆਈ ਹੈ। ਜਿੱਥੇ ਪੜ੍ਹਾਈ ਕਰਨ ਅਤੇ ਰੋਜ਼ੀ ਰੋਟੀ ਦੀ ਭਾਲ ਲਈ 10 ਦਿਨ ਪਹਿਲਾਂ ਹੀ ਕੈਨੇਡਾ ਗਏ 17 ਸਾਲ ਦੇ ਇਕਲੌਤੇ ਪੁੱਤਰ ਜਗਜੀਤ ਸਿੰਘ ਪੁੱਤਰ ਲੱਛਮਣ ਸਿੰਘ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਆਉਣ ਕਾਰਣ ਮੌਤ ਹੋ ਗਈ। ਇਸ ਮਾਮਲੇ ਸਬੰਧੀ ਮ੍ਰਿਤਕ ਜਗਜੀਤ ਸਿੰਘ ਦੇ ਚਾਚਾ ਜਗਸੀਰ ਸਿੰਘ (ਨਿੱਕਾ) ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਕੈਨੇਡਾ ਵਿਚ ਜਾ ਕੇ ਪੜ੍ਹਾਈ ਕਰਨ ਦੇ ਨਾਲ-ਨਾਲ ਰੁਜ਼ਗਾਰ ਕਰਨ ਲਈ ਸਿਰਫ 10 ਦਿਨ ਪਹਿਲਾਂ ਹੀ ਪਿੰਡ ਸੰਧੂਕਲਾ ਤੋਂ ਆਪਣੇ ਮਾਤਾ-ਪਿਤਾ ਦੇ ਨਾਲ ਕੈਨੇਡਾ ਖੁਸ਼ੀ-ਖੁਸ਼ੀ ਘਰੋਂ ਗਿਆ ਸੀ ਪਰ ਕੀ ਪਤਾ ਸੀ ਕਿ ਕੈਨੇਡਾ ਵਿਚ ਉਸਦੀ ਮੌਤ ਉਸਨੂੰ ਉਡੀਕ ਰਹੀ ਹੈ। ਜਿੱਥੇ ਪਿਛਲੀ ਲੰਘੀ 24 ਜੁਲਾਈ ਨੂੰ ਅਚਾਨਕ ਜਗਜੀਤ ਸਿੰਘ ਨੂੰ ਹਾਰਟ-ਅਟੈਕ ਆਉਣ ਕਾਰਨ ਉਨ੍ਹਾਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ।
ਪੀੜਤ ਪਰਿਵਾਰ ਨੇ ਦੱਸਿਆ ਕਿ ਚਾਰ ਮਹੀਨੇ ਪਹਿਲਾ ਮ੍ਰਿਤਕ ਦੀ ਭੈਣ ਵੀ ਕੈਨੇਡਾ ਪੜ੍ਹਾਈ ਲਈ ਗਈ ਸੀ, ਜਿਸ ਤੋਂ ਬਾਅਦ ਹੁਣ ਜਗਜੀਤ ਸਿੰਘ ਨੂੰ ਵੀ ਕੈਨੇਡਾ ਭੇਜਿਆ ਸੀ। ਆਮ ਤੌਰ ’ਤੇ ਖੇਤੀਬਾੜੀ ਕਰਦੇ ਪਰਿਵਾਰ ਨੇ ਆਪਣੇ ਦੋਵੇਂ ਬੱਚਿਆਂ ਨੂੰ ਬੈਂਕ ਤੋਂ 35 ਲੱਖ ਅਤੇ ਆੜ੍ਹਤੀਏ ਤੋਂ 11 ਲੱਖ ਰੁਪਏ ਕੁੱਲ 46 ਲੱਖ ਦੇ ਕਰੀਬ ਕਰਜ਼ਾ ਚੁੱਕ ਕੇ ਵਿਦੇਸ਼ ਪੜ੍ਹਾਈ ਅਤੇ ਰੁਜ਼ਗਾਰ ਲਈ ਭੇਜਿਆ ਸੀ ਪਰ ਇਕਲੌਤੇ ਪੁੱਤ ਦੀ ਮੌਤ ਤੋਂ ਬਾਅਦ ਪਿੰਡ ਸੰਧੂਕਲਾ ਵਿਖੇ ਦਾਦਾ ਅਜਮੇਰ ਸਿੰਘ ਤੇ ਦਾਦੀ ਬਲਜੀਤ ਕੌਰ ਦਾ ਵੀ ਰੋ-ਰੋ ਬੁਰਾ ਹਾਲ ਹੈ। ਪੀੜਤ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਦਾ ਅੰਤਿਮ ਸੰਸਕਾਰ ਕੈਨੇਡਾ ਵਿਚ ਹੀ ਕੀਤਾ ਜਾਵੇਗਾ।ਇਸ ਦੁੱਖਦਾਈ ਘਟਨਾ ’ਤੇ ਪੀੜਤ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਪਰਿਵਾਰ ’ਤੇ ਚੜ੍ਹੇ ਕਰਜ਼ੇ ਲਈ ਮਦਦ ਦੀ ਗੁਹਾਰ ਲਗਾਈ ਹੈ ਤਾਂ ਜੋ ਪਿੱਛੇ ਰਹਿੰਦਾ ਪਰਿਵਾਰ ਆਪਣਾ ਗੁਜ਼ਾਰਾ ਕਰ ਸਕੇ। ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਗ਼ਮਗੀਨ ਮਾਹੌਲ ਹੈ ਅਤੇ ਦਾਦਾ ਅਤੇ ਦਾਦੀ ਆਪਣੇ ਪੋਤੇ ਨੂੰ ਯਾਦ ਕਰਕੇ ਭੁੱਬਾ ਮਾਰ ਕੇ ਰੋ ਰਹੇ ਸਨ।