ਕੈਨੇਡਾ ਦੀ ਫਲਾਈਟ ਲੈਣ ਪਰਿਵਾਰ ਏਅਰਪੋਰਟ ਪਹੁੰਚਿਆ ਪਰ ਹੋ ਗਿਆ ਧੋਖਾ

ਕੈਨੇਡਾ ਦੀ ਫਲਾਈਟ ਲੈਣ ਪਰਿਵਾਰ ਏਅਰਪੋਰਟ ਪਹੁੰਚਿਆ ਪਰ ਹੋ ਗਿਆ ਧੋਖਾ

ਇਥੋਂ ਦੇ ਗਗਨ ਵਿਹਾਰ ਦੇ ਰਹਿਣ ਵਾਲੇ ਏਜੰਟ ਸਤਵਿੰਦਰ ਸਿੰਘ ਖ਼ਿਲਾਫ ਆਈ. ਪੀ. ਸੀ. ਦੀ ਧਾਰਾ 420, 406 ਅਤੇ ਪੰਜਾਬ ਟ੍ਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ ਦੀ ਧਾਰਾ 13 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਏਜੰਟ 'ਤੇ ਦੋਸ਼ ਹੈ ਕਿ ਉਸ ਨੇ ਪੈਸੇ ਲੈਣ ਲਈ ਦੋ ਵਾਰ ਕੈਨੇਡਾ ਜਾਣ ਦੀ ਟਿਕਟ ਬੁੱਕ ਕਰਵਾਈ ਪਰ ਕੈਂਸਲ ਕਰ ਦਿੱਤੀਆਂ। ਇਕ ਵਾਰ ਤਾਂ ਸਾਰਾ ਪਰਿਵਾਰ ਕੈਨੇਡਾ ਦੀ ਫਲਾਈਟ ਵਿਚ ਬੈਠਣ ਲਈ ਦਿੱਲੀ ਪਹੁੰਚ ਗਿਆ ਸੀ ਪਰ ਟਿਕਟਾਂ ਰੱਦ ਹੋਣ ਕਾਰਣ ਉਨ੍ਹਾਂ ਨੂੰ ਵਾਪਸ ਪਰਤਣਾ ਪਿਆ। ਉਧਰ ਬਸਤੀ ਬਾਵਾ ਖੇਲ ਥਾਣੇ ਵਿਚ ਮੁਲਜ਼ਮ ਸਤਵਿੰਦਰ ਸਿੰਘ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਬੀਤੇ ਸਾਲ 18 ਅਪ੍ਰੈਲ ਨੂੰ ਪੁਲਸ ਕਮਿਸ਼ਨਰ ਨੂੰ ਦਸੂਹਾ ਦੇ ਪਿੰਡ ਗੋਰਸਿਆਂ ਦੇ ਮਨਜੀਤ ਸਿੰਘ ਨੇ ਸ਼ਿਕਾਇਤ ਕੀਤੀ ਸੀ। ਉਸ ਦਾ ਕਹਿਣਾ ਸੀ ਕਿ ਮੇਰੇ ਸਹੁਰੇ ਬਲਵਿੰਦਰ ਸਿੰਘ ਦੀ ਗੱਲ ਏਜੰਟ ਸਤਵਿੰਦਰ ਸਿੰਘ ਨਾਲ ਦਸੰਬਰ 2020 ਵਿਚ ਇੰਗਲੈਂਡ ਜਾਣ ਲਈ ਹੋਈ ਸੀ। ਏਜੰਟ ਉਨ੍ਹਾਂ ਨੂੰ ਬੈਂਗਲੁਰੂ ਵਿਚ ਯੂ. ਕੇ. ਅੰਬੈਸੀ ਵਿਚ ਲੈ ਗਿਆ। ਉਥੇ ਕਿਹਾ ਕਿ ਤੁਹਾਨੂੰ ਯੂ. ਕੇ. ਦਾ ਫੈਮਿਲੀ ਵੀਜ਼ਾ ਨਹੀਂ ਮਿਲਿਆ ਤਾਂ ਅਮਰੀਕਾ ਭਿਜਵਾ ਦੇਵਾਂਗਾ। ਫਿਰ ਕੈਨੇਡਾ ਭੇਜਣ ਦੀ ਗੱਲ ਕਹੀ। 

ਏਜੰਟ ਨੇ ਕੈਨੇਡਾ ਦੀ ਟਿਕਟ ਦਿਖਾ ਕੇ ਉਨ੍ਹਾਂ ਤੋਂ ਪੈਸੇ ਲੈ ਲਏ। 14 ਦਸੰਬਰ 2022 ਨੂੰ ਟਿਕਟ ਸੋਸ਼ਲ ਮੀਡੀਆ ਰਾਹੀਂ ਭੇਜ ਦਿੱਤੀ ਗਈ। ਉਹ ਕੈਨੇਡਾ ਦੀ ਫਲਾਈਟ ਲਈ ਦਿੱਲੀ ਪਹੁੰਚੇ ਤਾਂ ਏਜੰਟ ਨੇ ਕਿਹਾ ਕਿ ਟਿਕਟ ਕੈਂਸਲ ਹੋ ਗਈ ਹੈ। ਇਸ ਮਗਰੋਂ ਪੁਲਸ ਨੂੰ ਸ਼ਿਕਾਇਤ ਕੀਤੀ ਗਈ। ਪੁਲਸ ਨੇ ਏਜੰਟ ਨੂੰ ਤਲਬ ਕੀਤਾ ਤਾਂ ਉਸ ਨੇ ਮੰਨਿਆ ਕਿ ਮਨਜੀਤ ਸਿੰਘ ਤੋਂ 23 ਲੱਖ ਰੁਪਏ ਬੈਂਕ ਰਾਹੀਂ ਅਤੇ 17 ਲੱਖ ਰੁਪਏ ਕੈਸ਼ ਲਿਆ ਸੀ। ਉਸ ਨੇ ਖੁਦ ਕਿਹਾ ਕਿ ਉਹ ਪੇਮੈਂਟ ਜੁਲਾਈ 2023 ਤਕ ਵਾਪਸ ਕਰ ਦੇਵੇਗਾ ਪਰ ਏਜੰਟ ਨੇ ਪੈਸੇ ਨਹੀਂ ਮੋੜੇ।