- Updated: November 23, 2026 01:51 PM
ਰਾਜਸਥਾਨ ਦੇ ਸ੍ਰੀ ਗੰਗਾਨਗਰ ਵਿਖੇ ਹੋਏ ਰੇਲਵੇ ਟਰੈਕ ਧਮਾਕੇ ਦੀ ਜਾਂਚ ਕਰ ਰਹੀ ਰਾਜਸਥਾਨ ਪੁਲਸ ਨੇ ਹਾਈ-ਪ੍ਰੋਫਾਈਲ ਅੱਤਵਾਦੀ ਸਾਜ਼ਿਸ਼ ਮਾਮਲੇ 'ਚ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਤੋਂ ਇੱਕ ਹੋਰ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਦਾਸਪੁਰ ਦੇ ਨੇੜਲੇ ਪਿੰਡ ਸ਼ਹੂਰ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਵਜੋਂ ਹੋਈ ਹੈ। ਮੁਲਜ਼ਮ ਹਰਪ੍ਰੀਤ ਸਿੰਘ ਪਹਿਲਾਂ ਤੋਂ ਹੀ ਇੱਕ ਹੋਰ ਗੰਭੀਰ ਮਾਮਲੇ ਵਿੱਚ ਗੁਰਦਾਸਪੁਰ ਜੇਲ੍ਹ ਵਿੱਚ ਬੰਦ ਸੀ, ਜਿਸ ਨੂੰ ਰਾਜਸਥਾਨ ਪੁਲਸ ਹੁਣ ਪ੍ਰੋਡਕਸ਼ਨ ਵਾਰੰਟ 'ਤੇ ਗ੍ਰਿਫ਼ਤਾਰ ਕਰਕੇ ਸ੍ਰੀ ਗੰਗਾਨਗਰ ਲੈ ਗਈ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਪੁਲਸ ਅਤੇ ਰਾਜਸਥਾਨ ਪੁਲਸ ਵਿਚਕਾਰ ਇਕ ਸਾਂਝੇ ਆਪ੍ਰੇਸ਼ਨ ਵਿਚ ਕਲਾਨੌਰ ਪੁਲਸ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਸਰਹੱਦੀ ਪਿੰਡ ਦੋਸਤਪੁਰ ਦੀ ਮਹਿਕਦੀਪ ਕੌਰ ਅਤੇ ਚੌੜਾ ਕਲਾਂ ਪਿੰਡ ਦੇ ਦਵਿੰਦਰ ਸਿੰਘ ਨੂੰ ਦੋ ਪਿਸਤੌਲਾਂ ਅਤੇ ਗੋਲੀਆਂ ਨਾਲ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਦੋਵੇਂ ਰੇਲਵੇ ਟਰੈਕ ਧਮਾਕੇ ਦੇ ਮਾਮਲੇ ’ਚ ਸ਼ਾਮਲ ਸਨ।
ਜਾਣਕਾਰੀ ਅਨੁਸਾਰ ਤੀਜਾ ਮੁਲਜ਼ਮ ਹਰਪ੍ਰੀਤ ਸਿੰਘ ਪਹਿਲਾਂ ਹੀ ਸ਼ਹੂਰ ਪਿੰਡ ਦੇ ਇਕ ਅਕਾਲੀ ਆਗੂ ਨੂੰ ਗੋਲੀ ਮਾਰਨ ਦੇ ਦੋਸ਼ ਵਿਚ ਗੁਰਦਾਸਪੁਰ ਜੇਲ ’ਚ ਬੰਦ ਸੀ। ਜਾਂਚ ਏਜੰਸੀਆਂ ਨੂੰ ਸ਼ੱਕ ਹੈ ਕਿ ਉਹ ਪਾਕਿਸਤਾਨੀ ਹੈਂਡਲਰਾਂ ਦੇ ਸੰਪਰਕ ਵਿਚ ਸੀ ਅਤੇ ਰਾਜਸਥਾਨ ਵਿਚ ਰੇਲਵੇ ਟਰੈਕ ਧਮਾਕੇ ਦੀ ਸਾਜ਼ਿਸ਼ ਵਿਚ ਭੂਮਿਕਾ ਨਿਭਾਅ ਸਕਦਾ ਹੈ।
ਪੁਲਸ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਗੁਰਦਾਸਪੁਰ ਜੇਲ ਤੋਂ ਸ਼੍ਰੀ ਗੰਗਾਨਗਰ ਲੈ ਗਈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰਨਗੀਆਂ ਕਿ ਇਸ ਮਾਮਲੇ ਵਿਚ ਹੋਰ ਕੌਣ ਸ਼ਾਮਲ ਹੈ, ਪਾਕਿਸਤਾਨੀ ਹੈਂਡਲਰਾਂ ਨਾਲ ਉਸ ਦੇ ਕੀ ਸਬੰਧ ਸਨ ਅਤੇ ਰੇਲਵੇ ਟਰੈਕ ਧਮਾਕੇ ਪਿੱਛੇ ਅਸਲ ਸਾਜ਼ਿਸ਼ ਕੀ ਸੀ।
ਜਾਣਕਾਰੀ ਮੁਤਾਬਕ ਸ਼ੁਰੂਆਤੀ ਜਾਂਚ ਵਿੱਚ ਖੁਲਾਸਾ ਹੋਇਆ ਹੈ ਕਿ ਹਰਪ੍ਰੀਤ ਸਿੰਘ ਨੇ ਹੀ ਰੇਲਵੇ ਟਰੈਕ 'ਤੇ ਧਮਾਕੇ ਵਾਲੀ ਜਗ੍ਹਾ ਦੀ ਸਹੀ ਲੋਕੇਸ਼ਨ ਪਾਕਿਸਤਾਨ ਵਿੱਚ ਬੈਠੇ ਅੱਤਵਾਦੀ ਹੈਂਡਲਰ 'ਸ਼ਾਹ' ਨੂੰ ਭੇਜੀ ਸੀ। ਇਸ ਤੋਂ ਬਾਅਦ ਪਾਕਿਸਤਾਨੀ ਹੈਂਡਲਰ ਨੇ ਉਹ ਲੋਕੇਸ਼ਨ ਮਾਮਲੇ ਵਿੱਚ ਪਹਿਲਾਂ ਤੋਂ ਗ੍ਰਿਫ਼ਤਾਰ ਕੀਤੀ ਗਈ ਮਹਿਕਪ੍ਰੀਤ ਅਤੇ ਉਸ ਦੇ ਸਾਥੀ ਦਵਿੰਦਰ ਸਿੰਘ ਨੂੰ ਭੇਜੀ, ਜਿਨ੍ਹਾਂ ਨੇ ਉੱਥੇ ਧਮਾਕੇ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਪੁਲਸ ਅਨੁਸਾਰ ਹਰਪ੍ਰੀਤ ਸਿੰਘ ਅਤੇ ਦਵਿੰਦਰ ਸਿੰਘ ਪੁਰਾਣੇ ਸਕੂਲ ਦੇ ਸਹਿਪਾਠੀ ਰਹੇ ਹਨ।