ਤਰਨਤਾਰਨ ''ਚ ਦਿਨ-ਦਿਹਾੜੇ ਅੰਨ੍ਹੇਵਾਹ ਫਾਇਰਿੰਗ, 1 ਦੀ ਮੌਤ ਤੇ 3 ਜ਼ਖਮੀ; ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲੇ ਦਾ ਖਦਸ਼ਾ

ਤਰਨਤਾਰਨ ''ਚ ਦਿਨ-ਦਿਹਾੜੇ ਅੰਨ੍ਹੇਵਾਹ ਫਾਇਰਿੰਗ, 1 ਦੀ ਮੌਤ ਤੇ 3 ਜ਼ਖਮੀ; ਪੁਰਾਣੀ ਰੰਜਿਸ਼ ਦੇ ਚੱਲਦਿਆਂ ਹਮਲੇ ਦਾ ਖਦਸ਼ਾ

ਤਰਨਤਾਰਨ ਤੋਂ ਫਾਇਰਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਜਾਗਰਣ ਤੋਂ ਪਹਿਲਾਂ ਗੋਲੀਆਂ ਚੱਲੀਆਂ ਹਨ ਤੇ ਇਸ ਹਾਦਸੇ ਵਿਚ ਇਕ ਵਿਅਕਤੀ ਦੇ ਸਾਹ ਨਿਕਲ ਗਏ ਹਨ ਜਦੋਂ ਕਿ 3 ਜ਼ਖਮੀ ਦੱਸੇ ਜਾ ਰਹੇ ਹਨ।

ਮਿਲੀ ਜਾਣਕਾਰੀ ਮੁਤਾਬਕ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਨੇ 12 ਰਾਊਂਡ ਫਾਇਰ ਕੀਤੇ ਜਿਸ ਵਿਚ 19 ਸਾਲਾ ਨੌਜਵਾਨ ਦੀ ਮੌਤ ਹੋ ਗਈ ਹੈ ਜਦੋਂ ਕਿ 3 ਜ਼ਖਮੀ ਹੋਏ ਹਨ। ਸ਼ਨੀਵਾਰ ਰਾਤ ਨੂੰ ਹੋਣ ਵਾਲੇ ਮਾਤਾ ਦੇ ਜਾਗਰਣ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਦੁਪਹਿਰ ਲਗਭਗ 2 ਵਜੇ ਲੰਗਰ ਦਾ ਸਾਮਾਨ ਲੈ ਕੇ ਨੌਜਵਾਨ ਇਕੱਠੇ ਹੋਏ ਸਨ। ਇਸ ਦੌਰਾਨ 2 ਬਾਈਕ ‘ਤੇ ਪਹੁੰਚੇ ਨੌਜਵਾਨਾਂ ਨੇ ਅਚਾਨਕ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਕਰਕੇ ਮੌਕੇ ‘ਤੇ ਭਗਦੜ ਮਚ ਗਈ। ਗੋਲੀ ਲੱਗਣ ਨਾਲ 4 ਨੌਜਵਾਨ ਜ਼ਖਮੀ ਹੋਏ ਗਏ ਜਿਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਇਨ੍ਹਾਂ ਵਿਚੋਂ ਇਕ ਦੀ ਜਾਨ ਚਲੀ ਗਈ।

ਫਾਇਰਿੰਗ ਵਿਚ ਸੁਖਰਾਜ ਸਿੰਘ ਦੀ ਮੌਤ ਹੋਈ ਹੈ। ਉਸ ਨੂੰ ਹਸਪਤਾਲ ਲਿਜਾਇਆ ਗਿਆ ਸੀ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਰਾਕੇਸ਼ ਕੁਮਾਰ, ਰਿਸ਼ੀ ਕੁਮਾਰ, ਬੌਬੀ ਕੁਮਾਰ ਵੀ ਗੋਲੀ ਲੱਗਣ ਨਾਲ ਜ਼ਖਮੀ ਹੋਏ ਹਨ। ਰਾਕੇਸ਼ ਨੂੰ ਗੁਰੂ ਨਾਨਕ ਦੇਵ ਸੁਪਰ ਸਪੈਸ਼ਲਿਟੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਦੋਂ ਕਿ ਰਿਸ਼ੀ ਤੇ ਬੌਬੀ ਦਾ ਸਿਵਲ ਹਸਪਤਾਲ ਤਰਨਤਾਰਨ ਵਿਚ ਇਲਾਜ ਚੱਲ ਰਿਹਾ ਹੈ। ਪਰਿਵਾਰਕ ਮੈਂਬਰਾਂ ਨੇ ਸੁਖਰਾਜ ਦਾ ਪੋਸਟਮਾਰਟਮ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਸੜਕ ਜਾਮ ਕਰ ਦਿੱਤੀ ਤੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਹਮਲਾਵਰਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਇਥੋਂ ਨਹੀਂ ਹਟਣਗੇ।