- Updated: December 09, 2024 03:58 PM
ਕੈਨੇਡਾ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਐਡਮਿੰਟਨ 'ਚ ਸੁਰੱਖਿਆ ਗਾਰਡ ਵਜੋਂ ਕੰਮ ਕਰ ਰਹੇ 20 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਵਿਦਿਆਰਥੀ ਦੀ ਪਛਾਣ 20 ਸਾਲਾ ਭਾਰਤੀ ਵਿਦਿਆਰਥੀ ਹਰਸ਼ਨਦੀਪ ਸਿੰਘ ਵਜੋਂ ਹੋਈ। ਇਸ ਮਾਮਲੇ ਵਿਚ ਪੁਲਸ ਨੇ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਹਰਸ਼ਨਦੀਪ ਪੰਜਾਬ ਦੇ ਕਿਸ ਪਿੰਡ ਜਾਂ ਸ਼ਹਿਰ ਦਾ ਰਹਿਣ ਵਾਲਾ ਹੈ।
ਪਤਾ ਲੱਗਾ ਹੈ ਕਿ ਜਿਸ ਅਪਾਰਟਮੈਂਟ ਵਿਚ ਹਰਸ਼ਨਦੀਪ ਸੁਰੱਖਿਆ ਗਾਰਡ ਵਜੋਂ ਤਾਇਨਾਤ ਸੀ, ਦੇ ਬਾਹਰ ਕੁਝ ਲੋਕ ਆਪਸ ਵਿਚ ਭਿੜ ਗਏ। ਕੁਝ ਲੋਕ ਅਪਾਰਟਮੈਂਟ 'ਚ ਦਾਖਲ ਹੋਏ ਜਿਸ ਤੋਂ ਬਾਅਦ ਗੋਲੀਬਾਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਮੁੱਢਲੀ ਜਾਂਚ ਦੌਰਾਨ ਦੋਵਾਂ ਸ਼ੱਕੀਆਂ 'ਤੇ ਕਤਲ ਦਾ ਦੋਸ਼ ਲਾਇਆ ਗਿਆ ਹੈ। ਘਟਨਾ ਸੀ.ਸੀ.ਟੀ.ਵੀ ਵਿੱਚ ਵੀ ਕੈਦ ਹੋ ਗਈ। ਸੀ.ਸੀ.ਟੀ.ਵੀ ਵਿੱਚ ਹਮਲਾਵਰ ਨੂੰ ਪੀੜਤ ਨੂੰ ਪੌੜੀਆਂ ਤੋਂ ਹੇਠਾਂ ਸੁੱਟਦੇ ਦੇਖਿਆ ਜਾ ਸਕਦਾ ਹੈ।

ਕੈਨੇਡੀਅਨ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਭਾਰਤੀ ਵਿਦਿਆਰਥੀ ਦੀ ਹੱਤਿਆ ਦੇ ਮਾਮਲੇ ਵਿਚ ਦੋ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ 'ਤੇ ਫਸਟ-ਡਿਗਰੀ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਪੀੜਤ ਹਰਸ਼ਨਦੀਪ ਸਿੰਘ, ਜੋ ਕਿ ਸੁਰੱਖਿਆ ਗਾਰਡ ਵਜੋਂ ਵੀ ਕੰਮ ਕਰਦਾ ਸੀ, ਸ਼ੁੱਕਰਵਾਰ ਨੂੰ ਕਰੀਬ 12:30 ਵਜੇ ਗੋਲੀਬਾਰੀ ਤੋਂ ਬਾਅਦ ਮ੍ਰਿਤਕ ਪਾਇਆ ਗਿਆ। ਕੈਨੇਡੀਅਨ ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਦੋ ਮੁਲਜ਼ਮਾਂ-ਇਵਾਨ ਰੇਨ ਅਤੇ ਜੂਡਿਥ ਸੋਲਟੋ ਨੂੰ ਗ੍ਰਿਫ਼ਤਾਰ ਕੀਤਾ ਹੈ, ਦੋਵੇਂ 30 ਦੀ ਉਮਰ ਦੇ ਹਨ। ਪੁਲਸ ਅਨੁਸਾਰ ਉਨ੍ਹਾਂ ਨੇ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ 107ਵੇਂ ਐਵੇਨਿਊ ਦੇ ਖੇਤਰ ਵਿੱਚ ਕਾਰਵਾਈ ਕੀਤੀ ਅਤੇ ਹਰਸ਼ਨਦੀਪ ਸਿੰਘ ਨੂੰ ਬੇਹੋਸ਼ ਪਾਇਆ। ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।