CBI ਨੇ ਚੰਡੀਗੜ੍ਹ ’ਚ ਰਿਸ਼ਵਤਖੋਰੀ ਦੇ ਮਾਮਲੇ ’ਚ ਸਬ-ਇੰਸਪੈਕਟਰ ਅਤੇ ASI ਨੂੰ ਕੀਤਾ ਗ੍ਰਿਫ਼ਤਾਰ

CBI ਨੇ ਚੰਡੀਗੜ੍ਹ ’ਚ ਰਿਸ਼ਵਤਖੋਰੀ ਦੇ ਮਾਮਲੇ ’ਚ ਸਬ-ਇੰਸਪੈਕਟਰ ਅਤੇ ASI ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ ਵਿੱਚ CBI ਵੱਲੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਸ਼ਵਤਖੋਰੀ ਦੇ ਮਾਮਲੇ ’ਚ ਇੱਕ ਸਬ-ਇੰਸਪੈਕਟਰ ਅਤੇ ਇੱਕ ASI ਸ਼ਾਮਿਲ ਸੀ।ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਦੇ ਸੈਕਟਰ 17 ਥਾਣੇ ਵਿੱਚ ਤਾਇਨਾਤ ਸਬ ਇੰਸਪੈਕਟਰ ਬਲਵਿੰਦਰ ਸਿੰਘ ਅਤੇ OP ਸੈੱਲ ਵਿੱਚ ਤਾਇਨਾਤ ASI ਹਰਮੀਤ ਸਿੰਘ ’ਤੇ ਰਿਸ਼ਵਤ ਲੈਣ ਦੇ ਦੋਸ਼ ਹਨ। ਏਜੰਸੀ ਅਜੇ ਵੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
CBI ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ASI ਹਰਮੀਤ ਸਿੰਘ ਨੇ ਇੱਕ ਕੇਸ ਨੂੰ ਦਬਾਉਣ ਲਈ ਪੀੜਤ ਤੋਂ ਇੱਕ ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਸੀ। ਇਸ ’ਤੇ CBI ਨੇ ਹਰਮੀਤ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੋਰ ਪੜਤਾਲ ਕਰਨ ’ਤੇ ਸਾਹਮਣੇ ਆਇਆ ਕਿ ਹਰਮੀਤ ਸਿੰਘ ਨੇ ਸਬ-ਇੰਸਪੈਕਟਰ ਬਲਵਿੰਦਰ ਸਿੰਘ ਦੇ ਨਾਂ ’ਤੇ ਰਿਸ਼ਵਤ ਮੰਗੀ ਸੀ ਪਰ ਬਾਅਦ ’ਚ 40,000 ਰੁਪਏ ’ਚ ਸਮਝੌਤਾ ਹੋ ਗਿਆ। ਇਸ ਦੌਰਾਨ CBI ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ASI ਨੇ ਸਬ ਇੰਸਪੈਕਟਰ ਦੇ ਨਾਂ ’ਤੇ ਪੈਸੇ ਮੰਗੇ ਸਨ। ਪੀੜਤ ਪਹਿਲੀ ਕਿਸ਼ਤ ਦੇਣ ਲਈ 10,000 ਰੁਪਏ ਲੈ ਕੇ ਪਹੁੰਚਿਆ ਸੀ। ਪਰ ਇਸ ਤੋਂ ਪਹਿਲਾਂ ਵੀ ਉਸ ਨੇ CBI ਨੂੰ ਸ਼ਿਕਾਇਤ ਦਿੱਤੀ ਸੀ। ਸੀਬੀਆਈ ਨੇ ਪਹਿਲਾਂ ਹੀ ਆਪਣੀ ਟੀਮ ਬਣਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਦੀ ਤਿਆਰੀ ਕਰ ਲਈ ਸੀ। ਜਦੋਂ ASI ਨੂੰ ਕਾਬੂ ਕੀਤਾ ਗਿਆ ਤਾਂ ਉਸਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਸਬ ਇੰਸਪੈਕਟਰ ਬਲਵਿੰਦਰ ਸਿੰਘ ਦਾ ਨਾਮ ਲਿਆ ਸੀ। ਇਸ ਤੋਂ ਬਾਅਦ ਬਲਵਿੰਦਰ ਸਿੰਘ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਹੁਣ ਦੋਵਾਂ ਦੇ ਘਰਾਂ ਦੀ ਜਾਂਚ ਚੱਲ ਰਹੀ ਹੈ।