ਦਿੱਲੀ ਵਿਚ ਮੇਅਰ ਚੋਣ ਦਾ ਹੋਇਆ ਐਲਾਨ; 26 ਅਪ੍ਰੈਲ ਨੂੰ ਸਵੇਰੇ 11 ਵਜੇ ਪੈਣਗੀਆਂ ਵੋਟਾਂ

ਦਿੱਲੀ ਵਿਚ ਮੇਅਰ ਚੋਣ ਦਾ ਹੋਇਆ ਐਲਾਨ; 26 ਅਪ੍ਰੈਲ ਨੂੰ ਸਵੇਰੇ 11 ਵਜੇ ਪੈਣਗੀਆਂ ਵੋਟਾਂ

ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ ਦਾ ਐਲਾਨ ਹੋ ਚੁੱਕਿਆ ਹੈ। ਦਿੱਲੀ ਮੇਅਰ ਦੀ ਚੋਣ 26 ਅਪ੍ਰੈਲ ਨੂੰ ਸਵੇਰੇ 11 ਵਜੇ ਹੋਵੇਗੀ। ਇਸ ਦੇ ਲਈ 18 ਅਪ੍ਰੈਲ ਨੂੰ ਨਾਮਜ਼ਦਗੀਆਂ ਭਰੀਆਂ ਜਾ ਸਕਦੀਆਂ ਹਨ। ਐਮਸੀਡੀ ਦਾ ਕਾਰਜਕਾਲ ਪੰਜ ਸਾਲਾਂ ਲਈ ਹੁੰਦਾ ਹੈ, ਪਰ ਮੇਅਰ ਦਾ ਕਾਰਜਕਾਲ ਇਕ ਸਾਲ ਲਈ ਹੁੰਦਾ ਹੈ, ਹਰ ਸਾਲ ਐਮਸੀਡੀ ਦਾ ਵਿੱਤੀ ਸਾਲ 1 ਅਪ੍ਰੈਲ ਤੋਂ ਸ਼ੁਰੂ ਹੁੰਦਾ ਹੈ ਅਤੇ 31 ਮਾਰਚ ਨੂੰ ਖਤਮ ਹੁੰਦਾ ਹੈ। ਦਿੱਲੀ ਮਿਉਂਸਪਲ ਕਾਰਪੋਰੇਸ਼ਨ ਐਕਟ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਹਿਲੇ ਸਾਲ ਵਿਚ ਇਕ ਔਰਤ ਨੂੰ, ਦੂਜੇ ਸਾਲ ਵਿਚ ਜਨਰਲ ਅਤੇ ਤੀਜੇ ਸਾਲ ਅਨੁਸੂਚਿਤ ਜਾਤੀ ਦੇ ਮੈਂਬਰ ਦੀ ਚੋਣ ਕੀਤੀ ਜਾਣੀ ਹੁੰਦੀ ਹੈ। ਮੌਜੂਦਾ ਵਿੱਤੀ ਸਾਲ ਵਿਚ ਇਕ ਅਨੁਸੂਚਿਤ ਜਾਤੀ ਦੇ ਮੇਅਰ ਦੀ ਚੋਣ ਕੀਤੀ ਜਾਣੀ ਹੈ। ਇਸ ਸਮੇਂ ਮੇਅਰ ਡਾ. ਸ਼ੈਲੀ ਓਬਰਾਏ ਦਾ ਕਾਰਜਕਾਲ ਪੂਰਾ ਹੋ ਚੁੱਕਾ ਹੈ ਪਰ ਡੀਐਮਸੀ ਐਕਟ ਅਨੁਸਾਰ ਜਦੋਂ ਤਕ ਦਿੱਲੀ ਦੇ ਅਗਲੇ ਮੇਅਰ ਦੀ ਚੋਣ ਨਹੀਂ ਹੋ ਜਾਂਦੀ, ਉਦੋਂ ਤਕ ਉਹ ਮੇਅਰ ਦਾ ਚਾਰਜ ਸੰਭਾਲਣਗੇ। ਚੋਣਾਂ ਦੀ ਤਰੀਕ ਤੈਅ ਹੋਣ ਤੋਂ ਬਾਅਦ ਨਿਗਮ ਸਕੱਤਰ ਦਾ ਦਫ਼ਤਰ ਮੇਅਰ ਦੇ ਅਹੁਦੇ ਲਈ ਨਾਮਜ਼ਦਗੀਆਂ ਦਾਖ਼ਲ ਕਰਨ ਲਈ 10 ਦਿਨਾਂ ਦਾ ਸਮਾਂ ਦੇਵੇਗਾ।

                                Image

ਉਮੀਦਵਾਰਾਂ ਨੂੰ ਨਾਮਜ਼ਦਗੀ ਦਾਖਲ ਕਰਨ ਲਈ 10 ਦਿਨ ਮਿਲਣਗੇ। ਉਮੀਦਵਾਰਾਂ ਦੀ ਨਾਮਜ਼ਦਗੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਮੇਅਰ ਚੋਣਾਂ ਕਰਵਾਉਣ ਲਈ ਪ੍ਰੀਜ਼ਾਈਡਿੰਗ ਅਫ਼ਸਰ ਨਾਮਜ਼ਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਐਲਜੀ ਕੋਲ 250 ਐਮਸੀਡੀ ਕੌਂਸਲਰਾਂ ਵਿਚੋਂ ਇਕ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਵਜੋਂ ਨਾਮਜ਼ਦ ਕਰਨ ਦਾ ਅਧਿਕਾਰ ਹੈ। ਇਸ ਵਿਚ ਨਿਯਮ ਇਹ ਹੈ ਕਿ ਪ੍ਰੀਜ਼ਾਈਡਿੰਗ ਅਫਸਰ ਮੇਅਰ ਦੇ ਅਹੁਦੇ ਲਈ ਉਮੀਦਵਾਰ ਨਹੀਂ ਹੋਣਾ ਚਾਹੀਦਾ। ਇਸ ਤੋਂ ਇਲਾਵਾ ਨਿਯਮਾਂ ਵਿਚ ਇਹ ਵੀ ਰਵਾਇਤ ਰਹੀ ਹੈ ਕਿ ਜੋ ਵੀ ਉਨ੍ਹਾਂ ਤੋਂ ਪਹਿਲਾਂ ਮੇਅਰ ਸੀ, ਉਸ ਨੂੰ ਪ੍ਰੀਜ਼ਾਈਡਿੰਗ ਅਫ਼ਸਰ ਬਣਾਇਆ ਜਾਂਦਾ ਹੈ ਪਰ ਐਲਜੀ ਕੋਲ ਇਹ ਫੈਸਲਾ ਲੈਣ ਦਾ ਅਧਿਕਾਰ ਹੈ।

ਦਿੱਲੀ ਮਿਉਂਸਪਲ ਕਾਰਪੋਰੇਸ਼ਨ ਐਕਟ ਦੀ ਧਾਰਾ 35 ਦੇ ਅਨੁਸਾਰ, ਐਮਸੀਡੀ ਨੂੰ ਹਰ ਵਿੱਤੀ ਸਾਲ ਦੀ ਪਹਿਲੀ ਮੀਟਿੰਗ ਵਿਚ ਮੇਅਰ ਦੀ ਚੋਣ ਕਰਨੀ ਪੈਂਦੀ ਹੈ। ਸਦਨ ਵਿਚ ਸਪੱਸ਼ਟ ਬਹੁਮਤ ਹਾਸਲ ਕਰਨ ਵਾਲੀ ਪਾਰਟੀ ਮੇਅਰ ਦੇ ਅਹੁਦੇ ਲਈ ਕੌਂਸਲਰ ਦਾ ਨਾਂ ਪੇਸ਼ ਕਰ ਸਕਦੀ ਹੈ। ਪਰ, ਜੇਕਰ ਕੋਈ ਵਿਰੋਧੀ ਪਾਰਟੀ ਫੈਸਲੇ ਦਾ ਵਿਰੋਧ ਕਰਦੀ ਹੈ ਅਤੇ ਅਪਣਾ ਉਮੀਦਵਾਰ ਨਾਮਜ਼ਦ ਕਰਦੀ ਹੈ, ਤਾਂ ਮੇਅਰ ਲਈ ਚੋਣ ਕਰਵਾਈ ਜਾਂਦੀ ਹੈ। ਜੇਕਰ ਸਦਨ ਵਿਚ ਇਕ ਹੀ ਉਮੀਦਵਾਰ ਹੋਵੇ ਤਾਂ ਉਸ ਨੂੰ ਮੇਅਰ ਨਿਯੁਕਤ ਕੀਤਾ ਜਾਂਦਾ ਹੈ। ਇਥੇ ਇਕ ਵਿਸ਼ੇਸ਼ਤਾ ਇਹ ਹੈ ਕਿ ਨਿਗਮ ਚੋਣਾਂ ਵਿਚ ਦਲ-ਬਦਲ ਵਿਰੋਧੀ ਕਾਨੂੰਨ ਲਾਗੂ ਨਹੀਂ ਹੁੰਦਾ, ਇਸ ਲਈ ਕੋਈ ਵੀ ਕੌਂਸਲਰ ਕਿਸੇ ਵੀ ਉਮੀਦਵਾਰ ਨੂੰ ਵੋਟ ਪਾ ਸਕਦਾ ਹੈ। ਐਮਸੀਡੀ ਵਿਚ ਆਮ ਆਦਮੀ ਪਾਰਟੀ ਕੋਲ ਬਹੁਮਤ ਹੈ।

ਮੇਅਰ ਅਤੇ ਡਿਪਟੀ ਮੇਅਰ ਚੋਣਾਂ ਲਈ ਵੋਟਿੰਗ ਅਧਿਕਾਰ

250 ਚੁਣੇ ਗਏ ਕੌਂਸਲਰ
7 ਲੋਕ ਸਭਾ ਮੈਂਬਰ
3 ਰਾਜ ਸਭਾ ਮੈਂਬਰ
14 ਵਿਧਾਇਕ

 

ਕਿਸ ਕੋਲ ਕਿੰਨੇ ਮੈਂਬਰ ਹਨ?

ਆਮ ਆਦਮੀ ਪਾਰਟੀ
134 ਅਤੇ 1 ਆਜ਼ਾਦ
ਰਾਜ ਸਭਾ ਮੈਂਬਰ: 3
ਵਿਧਾਇਕ: 13

 

ਭਾਜਪਾ: 104 ਅਤੇ 1 ਆਜ਼ਾਦ
ਸੰਸਦ ਮੈਂਬਰ: 7
ਵਿਧਾਇਕ: 1
ਨਾਮਜ਼ਦ ਮੈਂਬਰ: 10

ਕਾਂਗਰਸ: 9
ਆਜ਼ਾਦ: 1