- Updated: May 01, 2024 06:35 PM
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਮਾਨਸਾ ਅਦਾਲਤ ਵਲੋਂ ਸਾਰੇ 27 ਮੁਲਜ਼ਮਾਂ ਵਿਰੁਧ ਦੋਸ਼ ਤੈਅ ਕਰ ਦਿਤੇ ਗਏ ਹਨ। ਇਸ ਮਗਰੋਂ ਹੁਣ 15 ਮਈ ਤੋਂ ਅਦਾਲਤ ਵਿਚ ਕੇਸ ਦਾ ਟਰਾਇਲ ਸ਼ੁਰੂ ਹੋਵੇਗਾ। ਮਿਲੀ ਜਾਣਕਾਰੀ ਅਨੁਸਾਰ ਕੋਰਟ ਨੇ ਲਾਰੈਂਸ ਬਿਸ਼ਨੋਈ, ਜੱਗੂ ਭਗਵਾਨਪੂਰੀਆ, ਚਰਨਜੀਤ ਚੇਤਨ ਅਤੇ ਜਗਤਾਰ ਸਿੰਘ ਦੀ ਉਸ ਅਰਜ਼ੀ ਨੂੰ ਰੱਦ ਕਰ ਦਿਤਾ ਹੈ, ਜਿਸ ਵਿਚ ਉਨ੍ਹਾਂ ਨੇ ਅਪਣੇ ਆਪ ਨੂੰ ਬੇਕਸੂਰ ਦਸਿਆ ਸੀ।
ਹੁਣ ਅਗਲੀ ਸੁਣਵਾਈ 20 ਮਈ ਨੂੰ ਰੱਖੀ ਗਈ ਹੈ। ਇਸ ਦੌਰਾਨ ਮੀਡੀਆ ਨਾਲ ਗੱਲ ਕਰਦਿਆਂ ਪੀੜਤ ਧਿਰ ਦੇ ਵਕੀਲ ਸਤਿੰਦਰ ਮਿੱਤਲ ਨੇ ਦਸਿਆ ਕਿ ਸੁਣਵਾਈ ਦੌਰਾਨ 5-6 ਘੰਟੇ ਤਕ ਦਲੀਲਾਂ ਰੱਖੀਆਂ ਗਈਆਂ।
ਅਦਾਲਤ ਦੇ ਫੈਸਲੇ ਮਗਰੋਂ ਮਰਹੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜ ਦਾ ਦਿਨ ਕੁੱਝ ਰਾਹਤ ਭਰਿਆ ਸੀ। 24 ਮਹੀਨਿਆ ਬਾਅਦ ਕੇਸ ਕਿਸੇ ਰਾਹ ਉਤੇ ਚੱਲਿਆ ਹੈ। ਅਗਲੀ ਸੁਣਵਾਈ ਦੌਰਾਨ ਗਵਾਹਾਂ ਨੂੰ ਸੁਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਦੋਸ਼ੀਆਂ ਨੇ ਕੇਸ ਨੂੰ ਲੰਬਾ ਖਿੱਚਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਜ ਸਾਰਿਆਂ ਦੀਆਂ ਅਰਜ਼ੀਆਂ ਖਾਰਜ ਕਰ ਦਿਤੀਆਂ ਗਈਆਂ।
ਜ਼ਿਕਰਯੋਗ ਹੈ ਕਿ 29 ਮਈ, 2022 ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਿਚ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿਤਾ ਗਿਆ ਸੀ। ਇਸ ਦੀ ਸੱਭ ਤੋਂ ਪਹਿਲਾਂ, ਲਾਰੈਂਸ ਗੈਂਗ ਨੇ ਜ਼ਿੰਮੇਵਾਰੀ ਲਈ ਸੀ। ਫਿਰ ਗੋਲਡੀ ਬਰਾੜ ਨੇ ਇਕ ਟੀਵੀ ਚੈਨਲ 'ਤੇ ਇੰਟਰਵਿਊ ਦਿਤੀ ਅਤੇ ਕਿਹਾ ਕਿ ਉਸ ਨੇ ਮੂਸੇਵਾਲਾ ਦਾ ਕਤਲ ਕੀਤਾ ਹੈ। ਉਸ ਨੇ ਮੂਸੇਵਾਲਾ 'ਤੇ ਲਾਰੈਂਸ ਦੇ ਕਾਲਜ ਦੋਸਤ ਵਿੱਕੀ ਮਿੱਡੂਖੇੜਾ ਦੇ ਕਤਲ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਪੁਲਿਸ ਨੇ ਮੂਸੇਵਾਲਾ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸ ਨੂੰ ਕਤਲ ਕਰਨ ਲਈ ਮਜਬੂਰ ਕੀਤਾ। ਗੋਲਡੀ ਨੇ ਮੂਸੇਵਾਲਾ ਨੂੰ ਮਾਰਨ ਲਈ ਹਰਿਆਣਾ ਅਤੇ ਪੰਜਾਬ ਤੋਂ 6 ਸ਼ੂਟਰ ਭੇਜੇ ਸਨ।