- Updated: February 17, 2023 03:28 PM
ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿਚ ਵਿਕਾਸ ਦੀ ਲਹਿਰ ਚਲੂਗੀ। ਜਲਦੀ ਹੀ ਕੰਢੀ ਨਹਿਰ ਚਲਾਈ ਜਾਵੇਗੀ। ਪਿੰਡ ਵਾਸੀਆਂ ਦੀਆਂ ਮੰਗਾਂ ਨੂੰ ਦੇਖਦੇ ਹੋਏ ਡੱਲੇਵਾਲ-ਚਾਂਦਪੁਰ ਅਤੇ ਹੋਰਨਾਂ ਪਿੰਡਾਂ ਨੂੰ ਜੋੜਦੀ ਸੜਕ ਨੂੰ 18 ਫੁੱਟੀ ਬਣਾਇਆ ਜਾਵੇਗਾ। ਪਿੰਡ ਵਾਸੀਆਂ ਦੀ ਸਰਕਾਰੀ ਟਿਉਬਵੈਲ ਅਤੇ ਹੋਰਨਾਂ ਮੰਗਾਂ ਨੂੰ ਵੀ ਜਲਦੀ ਪੂਰਾ ਕੀਤਾ ਜਾਵੇਗਾ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾ ਬਣੇ ਨਹਿਰੀ ਸਿਸਟਮ ਨੂੰ ਠੀਕ ਕੀਤਾ ਜਾਵੇਗਾ। ਤਾਂ ਜੋਂ ਹਰੇਕ ਘਰ, ਖੇਤ, ਇੰਡਸਟਰੀ ਵਿਚ ਨਹਿਰੀ ਪਾਣੀ ਦੀ ਵਰਤੋਂ ਕਰਕੇ ਬਣਦੇ ਲਾਭ ਪ੍ਰਾਪਤ ਕੀਤੇ ਜਾ ਸਕਣ। ਉਨ੍ਹਾਂ ਕਿਹਾ ਕਿ ਇਸ ਸਿਸਟਮ ਨੂੰ ਠੀਕ ਕਰਨ ਵੱਲ ਬਣਦਾ ਗੌਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਲਾਕੇ ਦੇ ਲੋਕ ਆਪਣੀਆਂ ਸਮਸਿਆਵਾਂ ਅਤੇ ਮੰਗਾਂ ਸਬੰਧੀ ਹਲਕਾ ਵਿਧਾਇਕ ਸੰਤੋਸ਼ ਕੁਮਾਰੀ ਕਟਾਰੀਆ ਨਾਲ ਸੰਪਰਕ ਕਰ ਸਕਦੇ ਹਨ। ਲੋਕਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ।

ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ’ਚ ਮੈਡੀਕਲ ਕਾਲਜ ਸਥਾਪਿਤ ਕੀਤਾ ਜਾ ਰਿਹਾ ਹੈ। ਆਪ ਸਰਕਾਰ ਦੀ ਇਹ ਸੋਚ ਹੈ ਕਿ ਜਿਸ ਇਲਾਕੇ ਵਿਚ ਪੜ੍ਹੇ ਲਿੱਖੇ ਲੋਕ ਘੱਟ ਹਨ ਉਨ੍ਹਾਂ ਇਲਾਕਿਆਂ ਵਿਚ ਮੈਡੀਕਲ ਕਾਲਜ ਅਤੇ ਹੋਰਨਾਂ ਕਾਲਜਾਂ ਦੀ ਸਥਾਪਨਾ ਕੀਤੀ ਜਾਵੇ ਤਾਂ ਜੋਂ ਉਥੋਂ ਦੇ ਲੋਕਾਂ ਵਿਚ ਪੜ੍ਹਾਈ ਨੂੰ ਲੈ ਕੇ ਅੱਗੇ ਵੱਧਣ ਲਈ ਪ੍ਰੇਰਿਤ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਪੱਛੜੇ ਇਲਾਕਿਆਂ ਵਿਚੋਂ ਪੜ੍ਹੇ ਲਿੱਖੇ, ਇੰਜੀਨੀਅਰ, ਡਾਕਟਰ ਅਤੇ ਅਫ਼ਸਰਾਂ ਤਿਆਰ ਹੋਣ ਨਾਲ ਇਲਾਕੇ ਦੀ ਤਰੱਕੀ ਸੰਭਵ ਹੈ। ਉਨ੍ਹਾਂ ਕਿਹਾ ਕਿ ਕਲਯੂਗ ਦੇ ਜਮਾਨੇ ਨੂੰ ਦੇਖਦਿਆਂ ਲੋਕਾਂ ਵੱਲੋਂ ਆਪਣੀਆਂ ਲੜਕੀਆਂ ਨੂੰ ਪੜ੍ਹਾਈ ਤੋਂ ਪਿਛੇ ਹਟਾਇਆ ਜਾ ਰਿਹਾ ਸੀ। ਜਿਸ ਕਾਰਨ ਲੜਕੀਆਂ ਦੇ ਪੜ੍ਹਾਈ ਤੋਂ ਡਰਾਪ ਆਉਟ ਦੀ ਗਿਣਤੀ ਵੱਧ ਰਹੀ ਸੀ। ਇਸ ਨੂੰ ਧਿਆਨ ਵਿਚ ਰਖਦਿਆਂ ਨੇੜਲੇ ਇਲਾਕਿਆਂ ਵਿਚ ਮੈਡੀਕਲ ਕਾਲਜ ਅਤੇ ਹੋਰਨਾਂ ਕਾਲਜਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਤਾਂ ਜੋਂ ਇਲਾਕੇ ਦੇ ਲੋਕ ਆਪਣੀਆਂ ਕੁੜੀਆਂ ਨੂੰ ਪੜ੍ਹਣ ਲਈ ਭੇਜ ਸਕਣ। ਉਨ੍ਹਾਂ ਕਿਹਾ ਕਿ ਸੂਬੇ ਦੀ ਤਰੱਕੀ ਦੇ ਨਾਲ ਹੀ ਬਲਾਚੌਰ ਹਲਕੇ ਦੀ ਤਰੱਕੀ ਸੰਭਵ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਵਾਸਤੇ ਬਜਟ ਦੀ ਕੋਈ ਕਮੀ ਨਹੀਂ ਹੈ। ਪੰਜਾਬ ਦਾ ਖਜ਼ਾਨਾ ਖਾਲੀ ਹੋਣ ਦਾ ਰੌਲਾ ਪਾਉਣ ਵਾਲੀਆਂ ਪਾਰਟੀਆਂ ਵੱਲੋਂ ਆਪਣੇ ਖਰਚੇ ਪੂਰੇ ਕਰਨ ਲਈ ਖਜਾਨੇ ’ਚ ਪੈਸੇ ਕਿਵੇਂ ਆ ਜਾਂਦੇ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਪੰਜਾਬ ਦੇ ਲੋਕਾਂ ਦਾ ਹੈ। ਆਮ ਆਦਮੀ ਪਾਰਟੀ ਲੋਕ ਹਿਤ ਵਿਚ ਸਾਰੇ ਵਿਕਾਸ ਕਾਰਜ ਕਰਵਾਉਣ ਦੇ ਨਾਲ ਨਾਲ ਲੋਕਾਂ ਦਾ ਜੀਵਨ ਪੱਧਰ ਉੱਚਾ ਚੁਕਿਆ ਜਾਵੇਗਾ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਪੰਜਾਬ ’ਚ ਨਸ਼ਾ ਅਤੇ ਭਿ੍ਰਸ਼ਟਾਚਾਰ ਖਿਲਾਫ਼ ਜਾਰੀ ਮੁਹਿੰਮ ਇਸੇ ਤਰ੍ਹਾਂ ਜਾਰੀ ਰਹੇਗੀ। ਸੂਬੇ ਦੇ ਲੋਕਾਂ ਨੂੰ ਸਿੱਖਿਆ, ਸਿਹਤ ਅਤੇ ਨਸ਼ਾ ਮੁਕਤ ਪੰਜਾਬ ਦਾ ਸਿਰਜਣ ਕਰਨ ਵਿਚ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋਂ ਪੰਜਾਬ ਨੂੰ ਇਕ ਵਾਰ ਫਿਰ ਖੁਸ਼ਲਾਹ ਪੰਜਾਬ ਬਣਾਇਆ ਜਾ ਸਕੇ।