ਚੀਨ ਨੂੰ ਅਮਿਤ ਸ਼ਾਹ ਦੇ ਅਰੁਣਾਚਲ ਦੌਰੇ ‘ਤੇ ਇਤਰਾਜ਼, ਕਿਹਾ-‘ਇਹ ਸਾਡੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ’

ਚੀਨ ਨੂੰ ਅਮਿਤ ਸ਼ਾਹ ਦੇ ਅਰੁਣਾਚਲ ਦੌਰੇ ‘ਤੇ ਇਤਰਾਜ਼, ਕਿਹਾ-‘ਇਹ ਸਾਡੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ’

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਇਸ ਸਮੇਂ ਅਰੁਣਾਚਲ ਪ੍ਰਦੇਸ਼ ਦੇ ਦੌਰੇ ‘ਤੇ ਹਨ। ਦੋ ਦਿਨਾ ਦੌਰੇ ‘ਤੇ ਪਹੁੰਚੇ ਅਮਿਤ ਸ਼ਾਹ ਨੇ ਅਰੁਣਾਚਲ ਪ੍ਰਦੇਸ਼ ਦੇ ਕਿਬਿਥੂ ਇਲਾਕੇ ਵਿਚ ਵਾਈਬ੍ਰੈਂਟ ਵਿਲੇਜ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਨਾਲ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਲੋਕਾਂ ਦੇ ਜੀਵਨ ਦੀ ਗੁਣਵੱਤਾ ਵਿਚ ਸੁਧਾਰ ਆਏਗਾ। ਨਾਲ ਹੀ ਪਲਾਇਨ ਰੋਕਣ ਤੇ ਸੀਮਾ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਿਹਾਜ਼ ਨਾਲ ‘ਵਾਇਬ੍ਰੈਂਟ ਵਿਲੇਜ ਪ੍ਰੋਗਰਾਮ’ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।

ਦੱਸ ਦੇਈਏ ਕਿ ਅਰੁਣਾਚਲ ਦਾ ਕਿਬਿਥੂ ਪਿੰਡ ਚੀਨ ਨਾਲ ਲੱਗਦਾ ਹੈ। ਅਮਿਤ ਸ਼ਾਹ ਦੀ ਵਾਇਬ੍ਰੈਂਟ ਵਿਲੇਜ ਯੋਜਨਾ ‘ਤੇ 4800 ਕਰੋੜ ਰੁਪਏ ਖਰਚ ਹੋਣਗੇ। ਉਨ੍ਹਾਂ ਦਾ ਦੌਰਾ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਹੁਣੇ ਜਿਹੇ ਚੀਨ ਨੇ ਅਰੁਣਾਚਲ ਦੀਆਂ 11 ਥਾਵਾਂ ਦੇ ਨਾਂ ਬਦਲ ਦਿੱਤੇ ਸਨ।

ਅਮਿਤ ਸ਼ਾਹ ਦੇ ਇਸ ਦੌਰੇ ਤੋਂ ਚੀਨ ਬੌਖਲਾ ਗਿਆ ਹੈ। ਚੀਨ ਦਾ ਕਹਿਣਾ ਹੈ ਕਿ ਭਾਰਤ ਦੇ ਗ੍ਰਹਿ ਮੰਤਰੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ਤੋਂ ਉਸ ਦੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ ਹੋਇਆ ਹੈ। ਚੀਨ ਨੇ ਅਮਿਤ ਸ਼ਾਹ ਦੇ ਅਰੁਣਾਚਲ ਪ੍ਰਦੇਸ਼ ਦੌਰੇ ਦੀ ਆਲੋਚਨਾ ਵੀ ਕੀਤੀ ਹੈ। ਚੀਨੀ ਵਿਦੇਸ਼ ਮੰਤਰਾਲੇ ਦੇ ਇਕ ਬੁਲਾਰੇ ਨੇ ਦੱਸਿਆ ਕਿ ਚੀਨ ਭਾਰਤ ਦੇ ਗ੍ਰਹਿ ਮੰਤਰੀ ਦੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਦਾ ਦ੍ਰਿੜ੍ਹਤਾ ਨਾਲ ਵਿਰੋਧ ਕਰ ਰਿਹਾ ਹੈ ਤੇ ਖੇਤਰ ਵਿਚ ਉਨ੍ਹਾਂ ਦੀਆਂ ਗਤੀਵਿਧੀਆਂ ਨੂੰ ਬੀਜਿੰਗ ਦੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ ਮੰਨਦਾ ਹੈ।

ਦੱਸ ਦੇਈਏ ਕਿ ਚੀਨ ਨੇ ਹੁਣੇ ਜਿਹੇ ਕੁਝ ਥਾਵਾਂ ਦੇ ਨਾਂ ਬਦਲੇ ਹਨ ਜੋ ਕਿ ਭਾਰਤ ਦੇ ਪੂਰਬੀ ਸੂਬੇ ਅਰੁਣਾਚਲ ਪ੍ਰਦੇਸ਼ ਵਿਚ ਸਥਿਤ ਹੈ ਪਰ ਚੀਨ ਉਨ੍ਹਾਂ ਇਲਾਕਿਆਂ ‘ਤੇ ਆਪਣਾ ਦਾਅਵਾ ਕਰਦਾ ਹੈ। ਭਾਰਤੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਯਾਤਰਾ ‘ਤੇ ਇਕ ਸਵਾਲ ਦੇ ਜਵਾਬ ਵਿਚ ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਕਿ ਜੰਗਨਾਨ ਚੀਨ ਦਾ ਖੇਤਰ ਹੈ। ਭਾਰਤੀ ਅਧਿਕਾਰੀ ਦੀ ਜੰਗਨਾਨ ਯਾਤਰਾ ਚੀਨ ਦੀ ਖੇਤਰੀ ਪ੍ਰਭੂਸੱਤਾ ਦਾ ਉਲੰਘਣ ਕਰਦੀ ਹੈ ਤੇ ਸਰਹੱਦ ਦੀ ਸਥਿਤੀ ਤੇ ਸ਼ਾਂਤੀ ਲਈ ਅਨੁਕੂਲ ਨਹੀਂ ਹੈ।

ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਇਹ ਯਾਤਰਾ ਅਰੁਣਾਚਲ ਪ੍ਰਦੇਸ਼ ਵਿਚ ਚੀਨ ਦੇ ਮਨਸੂਬਿਆਂ ਦਾ ਜਵਾਬ ਹੈ ਕਿਉਂਕਿ ਇਹ ਉਸੇ ਖੇਤਰ ਵਿਚ ਹੈ ਜਿਸ ‘ਤੇ ਚੀਨ ਆਏ ਦਿਨ ਆਪਣਾ ਦਾਅਵਾ ਕਰਦਾ ਹੈ। ਵਾਇਬ੍ਰੈਂਟ ਵਿਲੇਜ ਪ੍ਰੋਗਰਾਮ ਦਾ ਉਦੇਸ਼ ਉੱਤਰੀ ਸਰਹੱਦ ਦੇ ਆਪਣੇ ਹਿੱਸੇ ਵਿਚ ਸਥਾਈ ਪਿੰਡਾਂ ਨੂੰ ਉਤਸ਼ਾਹਿਤ ਕਰਨਾ ਹੈ।

ਵਾਇਬ੍ਰੇਂਟ ਵਿਲੇਜ ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਦੀ ਜ਼ਮੀਨ ਨੂੰ ਹਥਿਆਉਣ ਦਾ ਜ਼ਮਾਨਾ ਹੁਣ ਚਲਾ ਗਿਆ ਹੈ। ਸ਼ਾਹ ਨੇ ਬਿਨਾਂ ਨਾਂ ਲਏ ਚੀਨ ‘ਤੇ ਹਮਲਾ ਕਰਦੇ ਹੋਏ ਕਿਹਾ ਕਿ ਸੂਈ ਦੀ ਨੋਕ ਜਿੰਨੀ ਜ਼ਮੀਨ ਵੀ ਕੋਈ ਨਹੀਂ ਲੈ ਸਕਦਾ।