- Updated: November 26, 2026 06:58 PM
ਵੱਖਰੇ ਅੰਦਾਜ਼ ਲਈ ਮਸ਼ਹੂਰ ਨੀਟੂ ਸ਼ਟਰਾਂ ਵਾਲਾ ਇਕ ਵਾਰ ਫਿਰ ਤੋਂ ਸਿਆਸੀ ਮੈਦਾਨ ਵਿਚ ਸਰਗਰਮ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਜਲੰਧਰ ਵਿਚ ਚੁੰਮੇ ਵਾਲੀ ਭਾਬੀ ਦੇ ਨਾਂ ਨਾਲ ਮਸ਼ਹੂਰ ਰਣਜੀਤ ਕੌਰ ਦੀ ਸਿਆਸਤ ਵਿਚ ਐਂਟਰੀ ਕਰਵਾਉਂਦੇ ਹੋਏ ਆਪਣੀ ਪਾਰਟੀ 'ਇੰਡੀਅਨ ਪ੍ਰਜਾ ਕਾਂਗਰਸ' ਵਿਚ ਸ਼ਾਮਲ ਕਰਵਾਇਆ। ਮੀਡੀਆ ਗੱਲਬਾਤ ਦੌਰਾਨ ਨੀਟੂ ਸ਼ਟਰਾਂ ਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਆਉਣ ਵਾਲੀਆਂ ਚੋਣਾਂ, ਪਾਰਟੀ ਟਿਕਟਾਂ ਦੀ ਵੰਡ ਅਤੇ ਮੌਜੂਦਾ ਨੇਤਾਵਾਂ ਦੇ ਖ਼ਰਚਿਆਂ ਬਾਰੇ ਕਈ ਮਹੱਤਵਪੂਰਨ ਬਿਆਨ ਦਿੱਤੇ ਹਨ। ਉਨ੍ਹਾਂ ਆਪਣੀ ਆਉਣ ਵਾਲੀ ਫ਼ਿਲਮ ਦਾ ਵੀ ਜ਼ਿਕਰ ਕੀਤਾ।
ਨਵੀਂ ਫ਼ਿਲਮ ਬੋਲੇ ਨੀਟੂ ਸ਼ਟਰਾਂਵਾਲਾ, ਪ੍ਰਧਾਨ ਮੰਤਰੀ ਬਣ ਗਿਆ
ਨੀਟੂ ਸ਼ਟਰਾਂ ਵਾਲਾ ਨੇ ਕਿਹਾ ਕਿ ਉਨ੍ਹਾਂ ਦਾ ਸੀਨਾ ਮਾਣ ਨਾਲ ਚੌੜਾ ਹੋ ਗਿਆ ਹੈ ਅਤੇ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ਪ੍ਰਧਾਨਮੰਤਰੀ ਵੀ ਆ ਰਹੀ ਹੈ, ਜਿਸ ਵਿਚ ਉਹ ਖ਼ੁਦ ਪ੍ਰਧਾਨ ਮੰਤਰੀ ਦਾ ਕਿਰਾਦਾਰ ਨਿਭਾਅ ਰਹੇ ਹਨ। ਰਾਜਨੀਤਿਕ ਮੋਰਚੇ 'ਤੇ ਗੱਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਪ੍ਰਧਾਨ ਜਲਦੀ ਹੀ ਉਮੀਦਵਾਰਾਂ ਲਈ ਟਿਕਟ ਵੰਡ ਸ਼ੁਰੂ ਕਰਨਗੇ। ਉਨ੍ਹਾਂ ਦਾਅਵਾ ਕੀਤਾ ਕਿ ਇਹ ਗਠਜੋੜ ਸਤਿਗੁਰੂ ਰਵਿਦਾਸ ਮਹਾਰਾਜ ਦੇ "ਬੇਗਮਪੁਰਾ" ਦੇ ਸੁਨੇਹੇ ਨੂੰ ਸਾਕਾਰ ਕਰਨ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਉਮੀਦਵਾਰ ਨੂੰ ਟਿਕਟ ਦੇਣ ਲਈ ਕੋਈ ਪੈਸਾ ਨਹੀਂ ਲਿਆ ਗਿਆ।
ਟਿਕਟਾਂ ਮੁਫ਼ਤ ਵੰਡੀਆਂ ਜਾਣਗੀਆਂ
ਟਿਕਟਾਂ ਲਈ ਗੱਠਜੋੜ ਅਤੇ ਪੈਸੇ ਦੇ ਲੈਣ-ਦੇਣ ਦੇ ਸਵਾਲ ਦੇ ਸੰਬੰਧ ਵਿੱਚ ਨੀਟੂ ਸ਼ਟਰਾਂ ਵਾਲਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਸਪੱਸ਼ਟ ਕੀਤਾ ਕਿ ਇਕ ਵੀ ਰੁਪਏ ਦਾ ਲੈਣ-ਦੇਣ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਾਰਟੀ ਕਿਸੇ ਵੀ ਉਮੀਦਵਾਰ ਤੋਂ ਟਿਕਟਾਂ ਲਈ ਪੈਸੇ ਨਹੀਂ ਲਵੇਗੀ ਅਤੇ ਟਿਕਟਾਂ ਮੁਫ਼ਤ ਦਿੱਤੀਆਂ ਜਾਣਗੀਆਂ। ਉਮੀਦਵਾਰਾਂ ਨੂੰ ਸਿਰਫ਼ ਹਲਕੇ ਵਿੱਚ ਜਾਣਾ ਪਵੇਗਾ ਅਤੇ ਆਪਣੀ ਮਿਹਨਤ ਨਾਲ ਆਪਣੇ ਆਪ ਨੂੰ ਸਾਬਤ ਕਰਨਾ ਪਵੇਗਾ। ਪਾਰਟੀ ਪ੍ਰਧਾਨ ਨੀਟੂ ਸ਼ਟਰਾਂ ਵਾਲਾ, ਚਿੰਕੂ ਸ਼ੀਸ਼ਾ, ਰਣਜੀਤ ਕੌਰ ਅਤੇ ਜ਼ਿੰਦਾ ਹੰਸ ਸਮੇਤ ਪੂਰੀ ਟੀਮ ਉਮੀਦਵਾਰਾਂ ਲਈ ਨਿੱਜੀ ਤੌਰ 'ਤੇ ਪ੍ਰਚਾਰ ਕਰੇਗੀ।

ਆਗੂਆਂ ਦੀ ਸੁਰੱਖਿਆ ਅਤੇ ਕਾਫ਼ਲੇ ਦੇ ਖ਼ਰਚਿਆਂ 'ਤੇ ਸਾਧਿਆ ਨਿਸ਼ਾਨਾ
ਸਰਕਾਰੀ ਖਜ਼ਾਨੇ ਅਤੇ ਵਿਕਾਸ ਪ੍ਰਾਜੈਕਟਾਂ ਲਈ ਬਜਟ ਦੇ ਮੁੱਦੇ 'ਤੇ ਬੋਲਦੇ ਹੋਏ ਨੀਟੂ ਸ਼ਟਰਾਂ ਵਾਲਾ ਨੇ ਮੌਜੂਦਾ ਆਗੂਆਂ ਦੀ ਕਾਰਜਸ਼ੈਲੀ 'ਤੇ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਪੰਜਾਬ ਆਰਥਿਕ ਤੌਰ 'ਤੇ ਕਮਜ਼ੋਰ ਨਹੀਂ ਹੈ, ਸਗੋਂ ਆਗੂ ਬੇਲੋੜੇ ਖ਼ਰਚਿਆਂ ਵਿੱਚ ਉਲਝੇ ਹੋਏ ਹਨ। ਉਨ੍ਹਾਂ ਆਗੂਆਂ ਦੇ ਕਾਫ਼ਲਿਆਂ ਵਿੱਚ ਸੈਂਕੜੇ ਵਾਹਨਾਂ, ਬਰਬਾਦ ਹੋਏ ਈਂਧਨ ਅਤੇ ਭਾਰੀ ਸੁਰੱਖਿਆ ਪ੍ਰਬੰਧਾਂ ਦੀ ਆਲੋਚਨਾ ਕਰਦੇ ਪੁੱਛਿਆ ਕਿ ਜੇਕਰ ਆਗੂਆਂ ਨੇ ਜਨਤਾ ਲਈ ਚੰਗਾ ਕੰਮ ਕੀਤਾ ਹੈ ਅਤੇ ਆਪਣੇ ਵਾਅਦੇ ਪੂਰੇ ਕੀਤੇ ਹਨ ਤਾਂ ਉਨ੍ਹਾਂ ਨੂੰ ਸੁਰੱਖਿਆ ਦੀ ਕਿਉਂ ਲੋੜ ਹੈ। ਉਨ੍ਹਾਂ ਕਿਹਾ ਕਿ ਆਗੂਆਂ ਨੂੰ ਜਨਤਾ ਦੇ ਵਿਰੋਧ ਦਾ ਸਾਹਮਣਾ ਉਦੋਂ ਹੀ ਕਰਨਾ ਪੈਂਦਾ ਹੈ ਜਦੋਂ ਉਹ ਆਪਣੇ ਵਾਅਦੇ ਪੂਰੇ ਕਰਨ ਵਿੱਚ ਅਸਫ਼ਲ ਰਹਿੰਦੇ ਹਨ। ਅਖੀਰ ਵਿਚ ਉਨ੍ਹਾਂ ਜਨਤਾ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਸਾਰੀਆਂ ਰਵਾਇਤੀ ਸਿਆਸੀ ਪਾਰਟੀਆਂ ਨੂੰ ਇਕ ਵਾਰ ਅਜ਼ਮਾ ਕੇ ਵੇਖ ਲਿਆ ਹੈ ਅਤੇ ਹੁਣ ਇਕ ਵਾਰ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਅਜ਼ਮਾ ਕੇ ਵੇਖਣਾ ਚਾਹੀਦਾ ਹੈ।