- Updated: November 25, 2026 07:51 PM
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਆਲਮੀ ਵਪਾਰਕ ਤਣਾਅ ਨੂੰ ਹੋਰ ਵਧਾਉਂਦਿਆਂ ਚੀਨ, ਭਾਰਤ, ਯੂਰਪੀਅਨ ਯੂਨੀਅਨ (EU), ਜਾਪਾਨ, ਦੱਖਣੀ ਕੋਰੀਆ ਅਤੇ ਮੈਕਸੀਕੋ ਸਮੇਤ 16 ਪ੍ਰਮੁੱਖ ਵਪਾਰਕ ਭਾਈਵਾਲ ਦੇਸ਼ਾਂ 'ਤੇ ਨਵੇਂ ਦਰਾਮਦ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ। ਰਿਪੋਰਟਾਂ ਮੁਤਾਬਕ, ਇਨ੍ਹਾਂ ਨਵੇਂ ਟੈਰਿਫਾਂ ਦੀ ਦਰ 15 ਫੀਸਦੀ ਤੋਂ ਲੈ ਕੇ 25 ਫੀਸਦੀ ਤੱਕ ਹੋ ਸਕਦੀ ਹੈ, ਹਾਲਾਂਕਿ ਵੱਖ-ਵੱਖ ਦੇਸ਼ਾਂ ਲਈ ਸਹੀ ਦਰਾਂ ਦਾ ਅਜੇ ਅਧਿਕਾਰਤ ਐਲਾਨ ਨਹੀਂ ਕੀਤਾ ਗਿਆ ਹੈ।
ਅਮਰੀਕੀ ਵਪਾਰ ਪ੍ਰਤੀਨਿਧੀ ਵੱਲੋਂ ਮਾਰਚ 2026 ਵਿੱਚ 'ਟਰੇਡ ਐਕਟ 1974' ਦੀ ਧਾਰਾ 301 ਤਹਿਤ ਸ਼ੁਰੂ ਕੀਤੀ ਗਈ ਜਾਂਚ ਦੇ ਆਧਾਰ 'ਤੇ ਇਹ ਕਦਮ ਚੁੱਕਿਆ ਜਾ ਰਿਹਾ ਹੈ। ਵਾਸ਼ਿੰਗਟਨ ਦਾ ਦੋਸ਼ ਹੈ ਕਿ ਵਿਦੇਸ਼ੀ ਸਰਕਾਰਾਂ ਵੱਲੋਂ ਆਪਣੇ ਘਰੇਲੂ ਉਦਯੋਗਾਂ ਨੂੰ ਦਿੱਤੀਆਂ ਜਾ ਰਹੀਆਂ ਭਾਰੀ ਸਬਸਿਡੀਆਂ ਅਤੇ ਸਸਤੇ ਕਰਜ਼ਿਆਂ ਕਾਰਨ ਵਾਧੂ ਉਤਪਾਦਨ ਹੋ ਰਿਹਾ ਹੈ। ਇਸ ਨਾਲ ਸਸਤਾ ਸਾਮਾਨ ਆਲਮੀ ਬਾਜ਼ਾਰ ਵਿੱਚ ਭਰ ਰਿਹਾ ਹੈ, ਜਿਸ ਨਾਲ ਅਮਰੀਕੀ ਨਿਰਮਾਤਾਵਾਂ ਨੂੰ ਭਾਰੀ ਨੁਕਸਾਨ ਪਹੁੰਚ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਸਾਲ ਫਰਵਰੀ ਵਿੱਚ ਅਮਰੀਕੀ ਸੁਪਰੀਮ ਕੋਰਟ ਨੇ ਐਮਰਜੈਂਸੀ ਕਾਨੂੰਨ ਤਹਿਤ ਟਰੰਪ ਵੱਲੋਂ ਲਗਾਏ ਗਏ ਪਿਛਲੇ ਗਲੋਬਲ ਟੈਰਿਫਾਂ ਨੂੰ ਰੱਦ ਕਰ ਦਿੱਤਾ ਸੀ। ਅਦਾਲਤ ਨੇ ਕਿਹਾ ਸੀ ਕਿ ਉਸ ਕਾਨੂੰਨ ਤਹਿਤ ਰਾਸ਼ਟਰਪਤੀ ਨੂੰ ਟੈਰਿਫ ਲਗਾਉਣ ਦਾ ਅਧਿਕਾਰ ਨਹੀਂ ਹੈ। ਇਸ ਕਾਨੂੰਨੀ ਝਟਕੇ ਤੋਂ ਬਾਅਦ ਟਰੰਪ ਪ੍ਰਸ਼ਾਸਨ ਹੁਣ ਧਾਰਾ 301 ਦਾ ਸਹਾਰਾ ਲੈ ਰਿਹਾ ਹੈ, ਕਿਉਂਕਿ ਇਸ ਤਹਿਤ ਅਮਰੀਕੀ ਕਾਂਗਰਸ ਵੱਲੋਂ ਟੈਰਿਫ ਲਗਾਉਣ ਦੀ ਸਪੱਸ਼ਟ ਇਜਾਜ਼ਤ ਦਿੱਤੀ ਗਈ ਹੈ।
ਭਾਰਤੀ ਬਰਾਮਦਕਾਰਾਂ 'ਤੇ ਕੀ ਪਵੇਗਾ ਅਸਰ?
ਜੇਕਰ ਅਮਰੀਕਾ ਵੱਲੋਂ ਇਹ ਨਵੇਂ ਟੈਰਿਫ ਲਾਗੂ ਕੀਤੇ ਜਾਂਦੇ ਹਨ, ਤਾਂ ਅਮਰੀਕੀ ਬਾਜ਼ਾਰ ਵਿੱਚ ਭਾਰਤੀ ਵਸਤਾਂ ਮਹਿੰਗੀਆਂ ਹੋ ਜਾਣਗੀਆਂ, ਜਿਸ ਨਾਲ ਭਾਰਤੀ ਬਰਾਮਦਕਾਰਾਂ ਦੀਆਂ ਚੁਣੌਤੀਆਂ ਵਧ ਸਕਦੀਆਂ ਹਨ। ਸਟੀਲ, ਐਲੂਮੀਨੀਅਮ ਅਤੇ ਆਟੋਮੋਬਾਈਲ ਵਰਗੇ ਖੇਤਰ, ਜਿਨ੍ਹਾਂ 'ਤੇ ਪਹਿਲਾਂ ਹੀ ਰਾਸ਼ਟਰੀ ਸੁਰੱਖਿਆ ਤਹਿਤ ਵੱਖਰੇ ਟੈਰਿਫ ਲਾਗੂ ਹਨ, ਨੂੰ ਇਨ੍ਹਾਂ ਨਵੇਂ ਟੈਕਸਾਂ ਤੋਂ ਬਾਹਰ ਰੱਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਭਾਰਤ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਵਪਾਰਕ ਗੱਲਬਾਤ ਰਾਹੀਂ ਭਾਰਤ ਨੂੰ ਕੁਝ ਰਾਹਤ ਮਿਲਣ ਦੀ ਉਮੀਦ ਵੀ ਜਤਾਈ ਜਾ ਰਹੀ ਹੈ। ਅਮਰੀਕੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਨ ਦੀਆਂ ਉਦਯੋਗਿਕ ਸਬਸਿਡੀਆਂ ਸਭ ਤੋਂ ਵੱਧ ਹਨ, ਇਸ ਲਈ ਚੀਨ 'ਤੇ ਭਾਰਤ ਅਤੇ ਹੋਰ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਟੈਰਿਫ ਲਗਾਇਆ ਜਾ ਸਕਦਾ ਹੈ।