- Updated: November 25, 2026 03:37 PM
ਥਾਣਾ ਤਲਵਾੜਾ ਅਧੀਨ ਪੈਂਦੇ ਕਸਬਾ ਦਾਤਾਰਪੁਰ ਦੇ ਲਾਗੇ ਪਿੰਡ ਦਲਵਾਲੀ ਨੂੰ ਜਾਣ ਵਾਲੇ ਰਸਤੇ ਵਿਚੋਂ ਬੀਤੀ ਰਾਤ ਇਕ ਅਣਪਛਾਤੀ ਔਰਤ ਦੀ ਲਾਸ਼ ਬਰਾਮਦ ਹੋਈ ਹੈ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਡਰ ਅਤੇ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅੱਜ ਸਵੇਰੇ ਜਦੋਂ ਪਿੰਡ ਦਲਵਾਲੀ ਦੇ ਰਸਤੇ ਤੋਂ ਲੰਘ ਰਹੇ ਰਾਹਗੀਰਾਂ ਨੇ ਔਰਤ ਦੀ ਲਾਸ਼ ਪਈ ਵੇਖੀ ਤਾਂ ਇਲਾਕੇ 'ਚ ਸਨਸਨੀ ਫੈਲ ਗਈ।
ਸਥਾਨਕ ਲੋਕਾਂ ਵੱਲੋਂ ਮ੍ਰਿਤਕਾ ਦੀ ਪਛਾਣ ਕਰਵਾਉਣ ਦੇ ਮਕਸਦ ਨਾਲ ਉਸ ਦੀ ਤਸਵੀਰ ਅਤੇ ਹੁਲੀਏ ਸਬੰਧੀ ਆਡੀਓ ਸੰਦੇਸ਼ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ। ਲੋਕਾਂ 'ਚ ਇਹ ਚਰਚਾ ਪਾਈ ਜਾ ਰਹੀ ਹੈ ਕਿ ਕਿਸੇ ਅਣਪਛਾਤੇ ਵਿਅਕਤੀਆਂ ਵੱਲੋਂ ਔਰਤ ਦਾ ਕਤਲ ਕਰਨ ਉਪਰੰਤ ਲਾਸ਼ ਨੂੰ ਇਥੇ ਸੁੱਟਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਤਲਵਾੜਾ ਪੁਲਸ ਦੀ ਟੀਮ ਤੁਰੰਤ ਮੌਕੇ 'ਤੇ ਪਹੁੰਚ ਗਈ।
ਪੁਲਸ ਨੇ ਘਟਨਾ ਸਥਾਨ ਦਾ ਜਾਇਜ਼ਾ ਲੈਣ ਉਪਰੰਤ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਲਿਆ। ਪੁਲਸ ਅਧਿਕਾਰੀਆਂ ਮੁਤਾਬਕ ਮ੍ਰਿਤਕਾ ਦੀ ਪਛਾਣ ਲਈ ਲਾਸ਼ ਨੂੰ ਅਗਲੇ 72 ਘੰਟਿਆਂ ਵਾਸਤੇ ਬੀ. ਬੀ. ਐੱਮ. ਬੀ. ਹਸਪਤਾਲ ਤਲਵਾੜਾ ਦੇ ਮੁਰਦਾਘਰ 'ਚ ਰੱਖਵਾਇਆ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਔਰਤ ਦੀ ਪਛਾਣ ਨਹੀਂ ਹੋ ਸਕੀ ਸੀ ਅਤੇ ਪੁਲਸ ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।