ਪੰਜਾਬ ਦੀ ਸਿਆਸਤ ''ਚ ਨਵਾਂ ਮੋੜ! ਕਾਂਗਰਸ ਵੱਲੋਂ ਵੀ ਗਠਜੋੜ ਦੇ ਸੰਕੇਤ, ਪਰਗਟ ਸਿੰਘ ਦਾ ਵੱਡਾ ਬਿਆਨ

ਪੰਜਾਬ ਦੀ ਸਿਆਸਤ ''ਚ ਨਵਾਂ ਮੋੜ! ਕਾਂਗਰਸ ਵੱਲੋਂ ਵੀ ਗਠਜੋੜ ਦੇ ਸੰਕੇਤ, ਪਰਗਟ ਸਿੰਘ ਦਾ ਵੱਡਾ ਬਿਆਨ

ਪੰਜਾਬ 'ਚ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਤੋਂ ਬਾਅਦ ਸਿਆਸਤ 'ਚ ਨਵੀਂ ਹਲਚਲ ਮਚੀ ਹੋਈ ਹੈ। ਇਸ ਗਠਜੋੜ ਤੋਂ ਬਾਅਦ ਹੁਣ ਕਾਂਗਰਸ ਵਲੋਂ ਵੀ ਗਠਜੋੜ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ ਵਿਖੇ ਪਾਰਟੀ ਦੀ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਪਰਗਟ ਸਿੰਘ ਨੇ ਗਠਜੋੜ ਦੇ ਸੰਕੇਤ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਦਾ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਨ ਵਲੋਂ ਹੀ ਕੀਤਾ ਜਾਣਾ ਹੈ।

ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਂਗਰਸ ਪੰਜਾਬ 'ਚ ਹੋਰ ਪਾਰਟੀਆਂ ਨਾਲ ਗਠਜੋੜ ਕਰ ਸਕਦੀ ਹੈ ਅਤੇ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰਗਟ ਸਿੰਘ ਨੇ ਕਿਹਾ ਕਿ ਸਾਡੀ ਇੰਡੀਆ ਬਲਾਕ ਨਾਲ ਗੱਲ ਚੱਲ ਰਹੀ ਹੈ। ਇਹ ਸਾਡੇ ਇੰਡੀਆ ਗਠਜੋੜ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਜਿਹੜੇ ਵੀ ਇੰਡੀਆ ਗਠਜੋੜ ਦੇ ਹਿੱਸੇ 'ਚ ਹੋਣਗੇ, ਅਸੀਂ ਉਨ੍ਹਾਂ ਨਾਲ ਗਠਜੋੜ ਦੀ ਗੱਲ ਕਰ ਸਕਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸੀ. ਪੀ. ਆਈ., ਸੀ. ਪੀ. ਐੱਮ. ਸਮੇਤ ਇੰਡੀਆ ਬਲਾਕ ਦੀਆਂ ਹੋਰ ਪਾਰਟੀਆਂ ਨਾਲ ਗਠਜੋੜ ਕਰਨ ਦੀਆਂ ਸੰਭਾਵਨਾਵਾਂ ਬਣੀਆਂ ਹੋਈਆਂ ਹਨ।

ਉਨ੍ਹਾਂ ਕਿਹਾ ਕਿ ਕਾਂਗਰਸ ਚੋਣਾਂ 'ਚ ਪੂਰੀ ਤਾਕਤ ਨਾਲ ਮੁਕਾਬਲਾ ਕਰੇਗੀ ਅਤੇ ਸਰਕਾਰ ਬਣਾਵੇਗੀ। ਚੋਣਾਂ ਦੌਰਾਨ ਅਜਿਹੇ ਨੌਜਵਾਨਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਦਾ ਅਕਸ ਸਾਫ਼ ਹੋਵੇ ਅਤੇ ਜੋ ਚੋਣ ਜਿੱਤਣ ਦੀ ਸਮਰੱਥਾ ਰੱਖਦੇ ਹੋਣ। ਇਸ ਪ੍ਰੈੱਸ ਕਾਨਫਰੰਸ ਦੌਰਾਨ ਉਨ੍ਹਾਂ ਦੇ ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਡਾ. ਅਮਰ ਸਿੰਘ ਵੀ ਮੌਜੂਦ ਸਨ।