- Updated: November 25, 2026 01:45 PM
ਅਮਰੀਕਾ ਦੇ ਮਿਸੀਸਿਪੀ ਤੱਟ ਨੇੜੇ ਇੱਕ ਛੋਟਾ ਜਹਾਜ਼ ਮੈਕਸੀਕੋ ਦੀ ਖਾੜੀ ਵਿੱਚ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਸਵਾਰ ਸਾਰੇ 6 ਲੋਕਾਂ ਦੀ ਮੌਤ ਹੋ ਗਈ। ਅਮਰੀਕੀ ਕੋਸਟ ਗਾਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ, ਮ੍ਰਿਤਕਾਂ ਵਿੱਚ 8 ਅਤੇ 10 ਸਾਲ ਦੇ ਦੋ ਲੜਕੇ ਵੀ ਸ਼ਾਮਲ ਹਨ।
4 ਘੰਟੇ ਚੱਲਿਆ ਸਰਚ ਆਪ੍ਰੇਸ਼ਨ
ਅਧਿਕਾਰੀਆਂ ਮੁਤਾਬਕ ਸੈਸਨਾ ਸੈਂਚੂਰੀਅਨ 210 ਜਹਾਜ਼ ਮਿਸੀਸਿਪੀ ਦੇ ਪਾਸਕਾਗੌਲਾ ਅਤੇ ਹੌਰਨ ਆਈਲੈਂਡ ਦੇ ਵਿਚਾਲੇ ਮੈਕਸੀਕੋ ਦੀ ਖਾੜੀ ਵਿੱਚ ਡਿੱਗਿਆ। ਕੋਸਟ ਗਾਰਡ ਦੇ ਬੁਲਾਰੇ ਜੁਆਨ ਰੋਸ ਨੇ ਦੱਸਿਆ ਕਿ ਮੋਬਾਈਲ ਸ਼ਹਿਰ ਦੇ ਏਅਰ ਟਰੈਫਿਕ ਕੰਟਰੋਲ ਟਾਵਰ ਨੇ ਦੁਪਹਿਰ ਕਰੀਬ 3:45 ਵਜੇ ਜਹਾਜ਼ ਨਾਲ ਸੰਪਰਕ ਟੁੱਟਣ ਦੀ ਸੂਚਨਾ ਦਿੱਤੀ ਸੀ।
ਇਸ ਤੋਂ ਬਾਅਦ ਰਾਹਤ ਟੀਮਾਂ ਨੇ ਕਰੀਬ ਚਾਰ ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ। ਸ਼ੁਰੂਆਤੀ ਖੋਜ ਦੌਰਾਨ ਪਾਣੀ ਵਿੱਚ ਸਿਰਫ਼ ਤਿੰਨ ਲਾਈਫ਼ ਜੈਕਟਾਂ, ਇੱਕ ਲਾਈਫ਼ ਰਾਫਟ ਅਤੇ ਜਹਾਜ਼ ਦਾ ਕੈਬਿਨ ਤੈਰਦਾ ਹੋਇਆ ਮਿਲਿਆ ਸੀ। ਬਾਅਦ ਵਿੱਚ ਕੋਸਟ ਗਾਰਡ ਦੇ ਗੋਤਾਖੋਰਾਂ ਨੇ ਜਹਾਜ਼ ਦੇ ਮਲਬੇ (ਫਿਊਜ਼ਲੇਜ) ਵਿੱਚੋਂ ਸਾਰੀਆਂ 6 ਲਾਸ਼ਾਂ ਬਰਾਮਦ ਕਰ ਲਈਆਂ।
ਉਡਾਣ ਭਰਨ ਤੋਂ ਅੱਧੇ ਘੰਟੇ ਬਾਅਦ ਵਾਪਰਿਆ ਹਾਦਸਾ
ਫਲਾਈਟ ਟਰੈਕਿੰਗ ਵੈੱਬਸਾਈਟ 'ਫਲਾਈਟਅਵੇਅਰ' ਅਨੁਸਾਰ, ਇਹ ਜਹਾਜ਼ ਲੁਈਸਿਆਨਾ ਦੇ ਨਿਊ ਓਰਲੀਨਜ਼ ਤੋਂ ਫਲੋਰਿਡਾ ਦੇ ਫੋਰਟ ਮਾਇਰਜ਼ ਜਾ ਰਿਹਾ ਸੀ। 'ਫਲਾਈਟਰਡਾਰ24' ਦੇ ਅੰਕੜਿਆਂ ਮੁਤਾਬਕ ਉਡਾਣ ਭਰਨ ਤੋਂ ਕਰੀਬ ਅੱਧੇ ਘੰਟੇ ਬਾਅਦ, ਜਦੋਂ ਜਹਾਜ਼ ਲਗਭਗ 8,800 ਫੁੱਟ ਦੀ ਉਚਾਈ ’ਤੇ ਸੀ, ਤਾਂ ਇਹ ਅਚਾਨਕ ਤੇਜ਼ੀ ਨਾਲ ਪਾਣੀ ਵੱਲ ਡਿੱਗਣਾ ਸ਼ੁਰੂ ਹੋ ਗਿਆ। ਦੁਪਹਿਰ ਕਰੀਬ 3:30 ਵਜੇ ਟਰੈਕਿੰਗ ਡੇਟਾ ਬੰਦ ਹੋਣ ਤੋਂ ਪਹਿਲਾਂ ਆਖ਼ਰੀ ਪਲਾਂ ਵਿੱਚ ਜਹਾਜ਼ 18,000 ਫੁੱਟ ਪ੍ਰਤੀ ਮਿੰਟ (200 ਮੀਲ ਪ੍ਰਤੀ ਘੰਟਾ ਤੋਂ ਵੱਧ) ਦੀ ਰਫ਼ਤਾਰ ਨਾਲ ਹੇਠਾਂ ਵੱਲ ਆ ਰਿਹਾ ਸੀ।
ਕੋਸਟ ਗਾਰਡ ਨੇ ਪ੍ਰਗਟਾਇਆ ਦੁੱਖ, NTSB ਕਰੇਗਾ ਜਾਂਚ
ਕੋਸਟ ਗਾਰਡ ਸੈਕਟਰ ਮੋਬਾਈਲ ਦੇ ਸਰਚ ਐਂਡ ਰੈਸਕਿਊ ਮਿਸ਼ਨ ਕੋਆਰਡੀਨੇਟਰ ਕਮਾਂਡਰ ਟ੍ਰੇਵਰ ਬਲਾਊਂਟ ਨੇ ਇਸ ਘਟਨਾ ਨੂੰ ਬੇਹੱਦ ਦੁਖਦਾਈ ਦੱਸਿਆ। ਉਨ੍ਹਾਂ ਕਿਹਾ ਕਿ ਇਹ ਪਰਿਵਾਰਾਂ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ ਅਤੇ ਵੱਖ-ਵੱਖ ਏਜੰਸੀਆਂ ਦੇ ਤਾਲਮੇਲ ਸਦਕਾ ਹੀ ਜਹਾਜ਼ ਵਿੱਚ ਸਵਾਰ ਲੋਕਾਂ ਦਾ ਜਲਦੀ ਪਤਾ ਲਗਾਇਆ ਜਾ ਸਕਿਆ।
ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਅਨੁਸਾਰ, ਇਸ ਹਾਦਸੇ ਦੇ ਕਾਰਨਾਂ ਦੀ ਅਗਵਾਈ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਵੱਲੋਂ ਕੀਤੀ ਜਾ ਰਹੀ ਹੈ, ਜਿਸ ਵਿੱਚ FAA ਸਹਿਯੋਗ ਕਰੇਗਾ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ ਦੱਖਣੀ ਫਲੋਰਿਡਾ ਵਿੱਚ ਵੀ ਇੱਕ ਲੀਅਰਜੈੱਟ 60 ਬਿਜ਼ਨੈੱਸ ਜੈੱਟ ਹਾਦਸਾਗ੍ਰਸਤ ਹੋਇਆ ਸੀ, ਜਿਸ ਵਿੱਚ ਦੋ ਛੋਟੇ ਬੱਚਿਆਂ ਸਮੇਤ 9 ਲੋਕਾਂ ਦੀ ਜਾਨ ਚਲੀ ਗਈ ਸੀ।