ਪੰਜਾਬ ''ਚ ਦਰਦਨਾਕ ਹਾਦਸਾ, 2 ਨੌਜਵਾਨਾਂ ਦੀ ਮੌਕੇ ''ਤੇ ਮੌਤ

ਪੰਜਾਬ ''ਚ ਦਰਦਨਾਕ ਹਾਦਸਾ, 2 ਨੌਜਵਾਨਾਂ ਦੀ ਮੌਕੇ ''ਤੇ ਮੌਤ

ਪਿੰਡ ਚੱਕ ਕਲਾਂ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਤੀਜਾ ਨੌਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ, ਬੀਤੇ ਦਿਨ 3 ਨੌਜਵਾਨ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਿੰਡ ਚੱਕ ਕਲਾਂ ਤੋਂ ਮੁੱਲਾਂਪੁਰ ਵੱਲ ਜਾ ਰਹੇ ਸਨ। ਪਿੰਡ ਤੋਂ ਥੋੜ੍ਹੀ ਦੂਰੀ ’ਤੇ ਹੀ ਉਨ੍ਹਾਂ ਦਾ ਮੋਟਰਸਾਈਕਲ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੇ ਦਰੱਖਤ ਨਾਲ ਜਾ ਟਕਰਾ ਗਿਆ। ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀਆਂ ਨੇ ਤੁਰੰਤ 112 ’ਤੇ ਕਾਲ ਕੀਤੀ।

ਮੌਕੇ ’ਤੇ ਪਹੁੰਚੀ ਐਂਬੂਲੈਂਸ ਰਾਹੀਂ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿਥੇ ਮਨਪ੍ਰੀਤ ਸਿੰਘ ਮਨੀ ਪੁੱਤਰ ਸਵ. ਅਵਤਾਰ ਸਿੰਘ ਵਾਸੀ ਮੁੱਲਾਂਪੁਰ ਅਤੇ ਗੁਰਜੀਤ ਸਿੰਘ ਖਾਲਸਾ ਉਰਫ ਗੋਪੀ ਪੁੱਤਰ ਸੇਵਾ ਸਿੰਘ ਵਾਸੀ ਚੱਕ ਕਲਾਂ ਨੇ ਦਮ ਤੋੜ ਦਿੱਤਾ। ਤੀਜੇ ਨੌਜਵਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਲੁਧਿਆਣਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਗੁਰਜੀਤ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮਨਪ੍ਰੀਤ ਦੇ ਪਿਤਾ ਦਾ ਵੀ ਪਹਿਲਾਂ ਹੀ ਦਿਹਾਂਤ ਹੋ ਚੁੱਕਾ ਹੈ। ਇਸ ਦੁਖਦਾਈ ਘਟਨਾ ਕਾਰਨ ਪੂਰੇ ਇਲਾਕੇ ਵਿਚ ਸੋਗ ਦੀ ਲਹਿਰ ਹੈ।