- Updated: November 25, 2026 02:49 PM
ਪਿੰਡ ਡਾਲੇਕੇ ਵਿਖੇ ਕਿਸੇ ਕੰਮ ਜਾ ਰਹੀ ਮਹਿਲਾ ਸਰਪੰਚ ਅਤੇ ਉਸਦੇ ਪਤੀ 'ਤੇ ਦੋ ਵਿਅਕਤੀਆਂ ਵੱਲੋਂ ਗੋਲੀਆਂ ਚਲਾ ਕੇ ਜਾਨਲੇਵਾ ਹਮਲਾ ਕਰ ਦਿੱਤਾ ਗਿਆ। ਗੋਲੀ ਲੱਗਣ ਨਾਲ ਮਹਿਲਾ ਸਰਪੰਚ ਦਾ ਪਤੀ ਜ਼ਖ਼ਮੀ ਹੋ ਗਿਆ। ਇਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਸ ਵੱਲੋਂ ਦੋ ਮੁਲਜ਼ਮਾਂ ਖ਼ਿਲਾਫ਼ ਪਰਚਾ ਦਰਜ ਕਰਕੇ ਗ੍ਰਿਫ਼ਤਾਰੀ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਸਦਰ ਤਰਨਤਾਰਨ ਦੀ ਪੁਲਸ ਨੂੰ ਦਿੱਤੇ ਬਿਆਨਾਂ 'ਚ ਸੁਖਬੀਰ ਸਿੰਘ ਪੁੱਤਰ ਚਰਨ ਸਿੰਘ ਵਾਸੀ ਨਵਾਂ ਪਿੰਡ ਡਾਲੋਕੇ ਨੇ ਦੱਸਿਆ ਕਿ ਉਹ ਮਿਹਨਤ-ਮਜ਼ਦੂਰੀ ਦਾ ਕੰਮ ਕਰਦਾ ਹੈ ਅਤੇ ਉਸ ਦੀ ਪਤਨੀ ਮਨਜੀਤ ਕੌਰ ਪਿੰਡ ਦੀ ਮੌਜੂਦਾ ਸਰਪੰਚ ਹੈ। ਉਸ ਨੇ ਦੱਸਿਆ ਕਿ 24 ਨਵੰਬਰ 2026 ਨੂੰ ਉਹ ਦੋਵੇਂ ਆਪਣੇ ਮੋਟਰਸਾਈਕਲ ਨੰਬਰ PB46-AQ-5931 'ਤੇ ਸਵਾਰ ਹੋ ਕੇ ਪਿੰਡ ਡਾਲੇਕੇ ਤੋਂ ਸ਼ਹਿਰ ਤਰਨਤਾਰਨ ਨੂੰ ਜਾ ਰਹੇ ਸਨ। ਦੁਪਹਿਰ ਕਰੀਬ 12:30 ਵਜੇ ਜਦੋਂ ਉਹ ਸਰਕਾਰੀ ਹਾਈ ਸਕੂਲ ਪਿੰਡ ਡਾਲੇਕੇ ਨੇੜੇ ਪਹੁੰਚੇ ਤਾਂ ਉਨ੍ਹਾਂ ਦੇ ਪਿੱਛੋਂ ਮੰਗਲ ਸਿੰਘ ਉਰਫ਼ ਮੰਗਾ ਪੁੱਤਰ ਲੱਖਾ ਸਿੰਘ ਵਾਸੀ ਪਲਾਸੌਰ ਕਲਾਂ ਆਪਣੇ ਬੁਲੇਟ ਮੋਟਰਸਾਈਕਲ 'ਤੇ ਆਇਆ। ਉਸ ਨੇ ਆਪਣਾ ਬੁਲੇਟ ਸੁਖਬੀਰ ਸਿੰਘ ਦੇ ਮੋਟਰਸਾਈਕਲ 'ਚ ਮਾਰਿਆ। ਸੁਖਬੀਰ ਸਿੰਘ ਦੇ ਰੁਕਣ 'ਤੇ ਉਹ ਉਸ ਨਾਲ ਗਾਲੀ-ਗਲੋਚ ਤੇ ਹੱਥੋਪਾਈ ਕਰਨ ਲੱਗ ਪਿਆ।
ਇਸ ਤੋਂ ਬਾਅਦ ਮੰਗਲ ਸਿੰਘ ਨੇ ਟੈਲੀਫੋਨ ਕਰਕੇ ਆਪਣੇ ਭਰਾ ਊਧਮ ਸਿੰਘ ਉਰਫ਼ ਉਦੈ ਨੂੰ ਵੀ ਬੁਲਾ ਲਿਆ। ਊਧਮ ਸਿੰਘ ਆਪਣੇ ਬੁਲੇਟ ਮੋਟਰਸਾਈਕਲ 'ਤੇ ਮੌਕੇ 'ਤੇ ਪਹੁੰਚਿਆ ਅਤੇ ਉਤਰਦਿਆਂ ਹੀ ਆਪਣੇ ਡੱਬ 'ਚੋਂ ਪਿਸਤੌਲ ਕੱਢ ਕੇ ਮਾਰ ਦੇਣ ਦੀ ਨੀਅਤ ਨਾਲ ਸੁਖਬੀਰ ਸਿੰਘ ਵੱਲ ਦੋ ਫਾਇਰ ਕੀਤੇ। ਇੱਕ ਫਾਇਰ ਉਸ ਦੀ ਸੱਜੀ ਅੱਡੀ ਕੋਲ ਲੱਗਾ, ਜਿਸ ਨਾਲ ਉਸ ਨੂੰ ਮਾਮੂਲੀ ਜ਼ਖ਼ਮ ਹੋ ਗਿਆ। ਦੂਜਾ ਫਾਇਰ ਕਰਨ 'ਤੇ ਸੁਖਬੀਰ ਸਿੰਘ ਨੇ ਭੱਜ ਕੇ ਕੋਲ ਖੜ੍ਹੀ ਕਾਰ ਦੇ ਪਿੱਛੇ ਲੁਕ ਕੇ ਆਪਣੀ ਜਾਨ ਬਚਾਈ। ਇਸ ਤੋਂ ਬਾਅਦ ਊਧਮ ਸਿੰਘ ਨੇ ਸੁਖਬੀਰ ਸਿੰਘ ਤੇ ਉਸ ਦੀ ਪਤਨੀ ਨੂੰ ਡਰਾਉਣ ਲਈ 2-3 ਹਵਾਈ ਫਾਇਰ ਵੀ ਕੀਤੇ। ਡਰ ਕਾਰਨ ਉਸ ਦੀ ਪਤਨੀ ਸਕੂਲ ਦੀ ਕੰਧ ਨੇੜੇ ਹੋ ਗਈ। ਘਟਨਾ ਸਬੰਧੀ ਉਸ ਦੀ ਪਤਨੀ ਨੇ ਆਪਣੇ ਬੇਟੇ ਗੁਰਨਿਸ਼ਾਨ ਸਿੰਘ ਨੂੰ ਟੈਲੀਫੋਨ ਰਾਹੀਂ ਦੱਸਿਆ ਤਾਂ ਊਧਮ ਸਿੰਘ ਨੇ ਆਪਣਾ ਪਿਸਤੌਲ ਉਸ ਦੀ ਪਤਨੀ ਵੱਲ ਕਰਕੇ ਧਮਕੀ ਦਿੱਤੀ ਕਿ ਤੇਰੇ ਕੋਲ ਜੋ ਕੁਝ ਵੀ ਹੈ ਕੱਢ ਦੇ। ਇਸ ਦੌਰਾਨ ਮੰਗਲ ਸਿੰਘ ਨੇ ਉਸ ਦੀ ਪਤਨੀ ਤੋਂ ਜ਼ਬਰਦਸਤੀ ਉਸ ਦਾ ਟੱਚ ਮੋਬਾਈਲ ਫੋਨ ਮਾਰਕਾ ਰੈੱਡਮੀ ਖੋਹ ਲਿਆ। ਝਗੜੇ ਦੌਰਾਨ ਸੁਖਬੀਰ ਸਿੰਘ ਦੇ ਅਗਲੇ ਦੋ ਦੰਦ ਟੁੱਟ ਗਏ ਅਤੇ ਮੁਲਜ਼ਮਾਂ ਨੇ ਉਨ੍ਹਾਂ ਦੇ ਮੋਟਰਸਾਈਕਲ ਦੀ ਵੀ ਭੰਨ-ਤੋੜ ਕੀਤੀ। ਇਸ ਦੌਰਾਨ ਸੁਖਬੀਰ ਸਿੰਘ ਦਾ ਬੇਟਾ ਗੁਰਨਿਸ਼ਾਨ ਸਿੰਘ ਅਤੇ ਉਸ ਦੇ ਵੱਡੇ ਭਰਾ ਦਾ ਲੜਕਾ ਗੁਰਜਿੰਦਰ ਸਿੰਘ ਪੁੱਤਰ ਸੁਖਪਾਲ ਸਿੰਘ ਵਾਸੀ ਨਵਾਂ ਪਿੰਡ ਡਾਲੇਕੇ ਨੂੰ ਆਉਂਦਾ ਵੇਖ ਕੇ ਦੋਵੇਂ ਮੁਲਜ਼ਮ ਆਪਣੇ ਹਥਿਆਰਾਂ ਸਮੇਤ ਬੁਲੇਟ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਮੌਕੇ ਤੋਂ ਭੱਜ ਗਏ।
ਸੁਖਬੀਰ ਸਿੰਘ ਨੇ ਦੱਸਿਆ ਕਿ ਰੰਜਿਸ਼ ਦਾ ਕਾਰਨ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਪੁੱਤਰ ਸੋਨਾ ਸਿੰਘ ਵਾਸੀ ਪਿੰਡ ਜੋੜਾ, ਜਿਸ ਦੇ ਨਾਨਕੇ ਉਨ੍ਹਾਂ ਦੇ ਪਿੰਡ 'ਚ ਹੀ ਹਨ ਅਤੇ ਜੋ ਪਿੰਡ 'ਚ ਹੀ ਰਹਿੰਦਾ ਸੀ, ਹੁਣ ਜੇਲ੍ਹ 'ਚ ਹੈ। ਉਹ ਪਿੰਡ 'ਚ ਮੰਗਲ ਸਿੰਘ ਤੇ ਊਧਮ ਸਿੰਘ ਲਈ ਨਸ਼ਾ ਵੇਚਦਾ ਸੀ। ਅੰਮ੍ਰਿਤਪਾਲ ਸਿੰਘ ਨੂੰ ਪੁਲਸ ਵੱਲੋਂ ਫੜ ਕੇ ਪਰਚਾ ਦਰਜ ਕੀਤਾ ਗਿਆ ਸੀ। ਮੁਲਜ਼ਮ ਸੁਖਬੀਰ ਸਿੰਘ ਨੂੰ ਅੰਮ੍ਰਿਤਪਾਲ ਸਿੰਘ ਨੂੰ ਪੁਲਸ ਤੋਂ ਫੜਾਉਣ ਦਾ ਜ਼ਿੰਮੇਵਾਰ ਮੰਨਦੇ ਹਨ। ਇਸੇ ਕਾਰਨ ਉਨ੍ਹਾਂ ਨੇ ਉਸ ਨੂੰ ਪਹਿਲਾਂ ਵੀ ਧਮਕੀਆਂ ਦਿੱਤੀਆਂ ਸਨ ਅਤੇ ਅੱਜ ਉਸ 'ਤੇ ਗੋਲੀਆਂ ਚਲਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਇਸ ਮਾਮਲੇ 'ਚ ਮੰਗਲ ਸਿੰਘ ਉਰਫ਼ ਮੰਗਾ ਪੁੱਤਰ ਲੱਖਾ ਸਿੰਘ ਵਾਸੀ ਪਲਾਸੌਰ ਕਲਾਂ ਅਤੇ ਊਧਮ ਸਿੰਘ ਉਰਫ਼ ਉਦੈ ਪੁੱਤਰ ਲੱਖਾ ਸਿੰਘ, ਦੋਵੇਂ ਸਕੇ ਭਰਾਵਾਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।