- Updated: September 29, 2026 06:19 PM
ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ 12 ਕਿੱਲੋ ਹੈਰੋਇਨ ਸਮੇਤ 3 ਸਮੱਗਲਰਾਂ ਨੂੰ ਜਾ ਦਬੋਚਿਆ। ਅਜੇ ਰਾਜ ਸਿੰਘ ਐੱਸ. ਪੀ. ਡੀ. ਨੇ ਦੱਸਿਆ ਕਿ ਜਦੋਂ ਸੀ. ਆਈ. ਏ. ਸਟਾਫ਼ ਮੋਗਾ ਦੇ ਇੰਚਾਰਜ ਦਲਜੀਤ ਸਿੰਘ ਦੀ ਅਗਵਾਈ ਹੇਠ ਸਹਾਇਕ ਥਾਣੇਦਾਰ ਲਵਜੀਤ ਸਿੰਘ ਪੁਲਸ ਪਾਰਟੀ ਸਮੇਤ ਅਜੀਤਵਾਲ ਬੱਸ ਅੱਡੇ ਕੋਲ ਗਸ਼ਤ ਕਰ ਰਹੀ ਸੀ ਤਾਂ ਉਨ੍ਹਾਂ ਨੂੰ ਗੁਪਤ ਸੂਤਰਾਂ ਤੋਂ ਜਾਣਕਾਰੀ ਮਿਲੀ ਕਿ ਸੋਲਵ ਉਰਫ਼ ਜਾਨੀ ਅਤੇ ਬਲਜਿੰਦਰ ਸਿੰਘ ਉਰਫ ਲਵਲੀ ਦੋਨੋਂ ਨਿਵਾਸੀ ਪਿੰਡ ਪੀਰੇ ਕੇ ਉਤਾੜ ਫਾਜ਼ਿਲਕਾ ਮਿਲ ਕੇ ਹੈਰੋਇਨ ਵਿੱਕਰੀ ਕਰਨ ਦਾ ਧੰਦਾ ਕਰਦੇ ਹਨ ਅਤੇ ਅੱਜ ਵੀ ਉਹ ਦੋਨੋਂ ਜਣੇ ਆਪਣੀ ਬਿਨਾਂ ਨੰਬਰੀ ਮਾਰੂਤੀ ਕਾਰ ’ਤੇ ਹੈਰੋਇਨ ਲੈਕੇ ਥਾਣਾ ਅਜੀਤਵਾਲ ਦੇ ਇਲਾਕੇ ਵਿਚ ਮਨਪ੍ਰੀਤ ਸਿੰਘ ਉਰਫ ਗੋਨੀ ਨਿਵਾਸੀ ਪਿੰਡ ਬੋਡੇ ਨੂੰ ਸਪਲਾਈ ਕਰਨ ਲਈ ਆਏ ਹਨ। ਇਸ ਸਮੇਂ ਉਕਤ ਤਿੰਨੋਂ ਸਮੱਗਲਰ ਕਾਰ ਵਿਚ ਬੈਠੇ ਹਨ।
ਪੁਲਸ ਪਾਰਟੀ ਨੇ ਦੱਸੀ ਗਈ ਜਗ੍ਹਾ ’ਤੇ ਛਾਪੇਮਾਰੀ ਕਰ ਕੇ ਉਨ੍ਹਾਂ ਨੂੰ ਕਾਰ ਸਮੇਤ ਜਾ ਦਬੋਚਿਆ ਅਤੇ ਡੀ. ਐੱਸ. ਪੀ. ਡੀ. ਜਤਿੰਦਰ ਸਿੰਘ ਦੀ ਮੌਜੂਦਗੀ ਵਿਚ ਜਦੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 12 ਕਿੱਲੋ ਹੈਰੋਇਨ ਬਰਾਮਦ ਕੀਤੀ ਗਈ, ਜਿਸ ’ਤੇ ਪੁਲਸ ਪਾਰਟੀ ਨੇ ਕਥਿਤ ਤਿੰਨਾਂ ਸਮੱਗਲਰਾਂ ਖ਼ਿਲਾਫ ਥਾਣਾ ਅਜੀਤਵਾਲ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਵੰਤ ਸਿੰਘ ਵਲੋਂ ਕੀਤੀ ਜਾ ਰਹੀ ਹੈ।
ਸੀ. ਆਈ. ਏ. ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਸੋਲਵ ਸਿੰਘ ਉਰਫ ਜਾਨੀ ਖ਼ਿਲਾਫ਼ ਥਾਣਾ ਅਮੀਰ ਖਾਸ ਅਤੇ ਬਲਜਿੰਦਰ ਸਿੰਘ ਉਰਫ ਲਵਲੀ ਦੇ ਖ਼ਿਲਾਫ਼ ਥਾਣਾ ਅਮੀਰ ਖਾਸ ’ਚ ਮਾਮਲੇ ਦਰਜ ਹਨ, ਜਦਕਿ ਮਨਪ੍ਰੀਤ ਸਿੰਘ ਉਰਫ ਗੋਨੀ ਖ਼ਿਲਾਫ਼ ਥਾਣਾ ਨਿਹਾਲ ਸਿੰਘ ਵਾਲਾ, ਥਾਣਾ ਬੱਧਨੀ ਕਲਾਂ, ਥਾਣਾ ਧਰਮਕੋਟ ਵਿਚ 3 ਵੱਖ-ਵੱਖ ਮਾਮਲੇ ਦਰਜ ਹਨ। ਉਨ੍ਹਾਂ ਕਿਹਾ ਕਿ ਕਾਬੂ ਕਥਿਤ ਮੁਲਜਮਾਂ ਨੂੰ ਪੁੱਛ-ਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਸ ਰਿਮਾਂਡ ਹਾਸਲ ਕਰਨ ਦਾ ਯਤਨ ਕੀਤਾ ਜਾਵੇਗਾ ਤਾਂ ਕਿ ਪਤਾ ਲੱਗ ਸਕੇ ਕਿ ਇੰਨੀ ਵੱਡੀ ਮਾਤਰਾ ਵਿਚ ਹੈਰੋਇਨ ਕਿੱਥੋਂ ਲੈਕੇ ਆਏ ਹਨ ਅਤੇ ਪਹਿਲਾਂ ਕਿੱਥੇ ਕਿੱਥੇ ਸਪਲਾਈ ਕੀਤੀ ਗਈ ਹੈ?