- Updated: September 05, 2023 05:46 PM
ਅਧਿਆਪਕ ਦਿਵਸ ’ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ’ਚ 1,000 ਨਵੇਂ ਕਲਾਸ ਰੂਮ ਬਣਾਏ ਜਾਣਗੇ ਜਦਕਿ 10,000 ਦੀ ਮੁਰੰਮਤ ਕੀਤੀ ਜਾਵੇਗੀ। ਅਧਿਆਪਕ ਦਿਵਸ ਮੌਕੇ ਮੋਗਾ ’ਚ ਸੂਬਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਤੁਹਾਨੂੰ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਤੱਪੜ ਨਹੀਂ ਮਿਲਣਗੇ। ਸਾਰੇ ਸਕੂਲਾਂ ਵਿਚ ਨਵਾਂ ਫਰਨੀਚਰ ਉਪਲੱਬਧ ਕੀਤਾ ਜਾਵੇਗਾ। ਜਦਕਿ ਕਈ ਸਕੂਲਾਂ ਦੀ ਪੰਜਾਬ ਸਰਕਾਰ ਨੁਹਾਰ ਬਦਲ ਵੀ ਚੁੱਕੀ ਹੈ। ਮੋਗਾ ’ਚ ਆਯੋਜਿਤ ਸੂਬਾ ਪੱਧਰੀ ਪ੍ਰੋਗਰਾਮ ’ਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਨ੍ਹਾਂ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਕੈਬਨਿਟ ਮੰਤਰੀ ਵੀ ਮੌਜੂਦ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਦੀਪ ਜਗਾ ਕੇ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਸ਼ਬਦ ਸਰਵਣ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਜਾਪਾਨ ਵਿਚ ਹੋਣ ਵਾਲੇ ਸਾਇੰਸ ਮੇਲੇ ਵਿਚ ਪੂਰੇ ਦੇਸ਼ ਵਿਚੋਂ 60 ਬੱਚੇ ਜਾਣਗੇ ਜਿਸ ਵਿਚੋਂ ਛੇ ਬੱਚੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਹਨ। ਅਸੀਂ ਅਧਿਆਪਕਾਂ ਨੂੰ ਪੜ੍ਹਾਈ ਦੇ ਵੱਖੋ-ਵੱਖ ਤਰੀਕੇ ਸਿੱਖਣ ਲਈ ਵਿਦੇਸ਼ਾਂ ਵਿਚ ਭੇਜ ਰਹੇ ਹਾਂ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਹ ਤਰੀਕਾ ਦਿੱਲੀ ’ਚ ਅਪਣਾਇਆ ਗਿਆ ਸੀ ਜੋ ਬਹੁਤ ਕਾਮਯਾਬ ਰਿਹਾ ਹੈ। ਮੁੱਖ ਮੰਤਰੀ ਨੇ ਆਖਿਆ ਕਿ ਅਸੀ ਕਿਹਾ ਸੀ ਕਿ ਅਧਿਆਪਕਾਂ ਨੂੰ ਪੱਕੇ ਕਰਾਂਗੇ, ਉਨ੍ਹਾਂ ਦੀਆਂ ਤਨਖਾਹਾਂ ਵਧਾਵਾਂਗੇ, ਅਧਿਆਪਕਾਂ ਦੇ ਨਾਂ ਨਾਲੋਂ ਕੱਚਾ ਸ਼ਬਦ ਹਟਾਵਾਂਗੇ, ਅਸੀਂ ਆਪਣਾ ਸਾਰੇ ਵਾਅਦਾ ਪੂਰਾ ਕੀਤਾ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਵਿਚ 117 ਸਕੂਲ ਆਫ ਐਮੀਨੈਂਸ ਬਣਾਏ ਜਾਣਗੇ। 13 ਸਤੰਬਰ ਨੂੰ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਕੀਤਾ ਜਾਵੇਗਾ। ਇਤਿਹਾਸ ’ਚ ਪਹਿਲੀ ਵਾਰ ਹੋਇਆ ਹੈ ਕਿ ਸਕੂਲਾਂ ਦੀਆਂ ਚਾਰ ਦਿਵਾਰੀ ਬਣਾਉਣ ਲਈ 300 ਕਰੋੜ ਜਾਰੀ ਕੀਤੇ ਗਏ ਹੋਣ। ਮੁੱਖ ਮੰਤਰੀ ਨੇ ਕਿਹਾ ਕਿ ਰਵਾਇਤੀ ਸਰਕਾਰਾਂ ਜਾਣ-ਬੁੱਝ ਕੇ ਗਰੀਬਾਂ ਦੇ ਬੱਚਿਆਂ ਨੂੰ ਅਨਪੜ੍ਹ ਰੱਖਦੀਆਂ ਸੀ ਤਾਂ ਜੋ ਉਹ ਲੋਕ ਉਨ੍ਹਾਂ ਦੇ ਘਰਾਂ ਅੱਗੇ ਹੱਥਾਂ ’ਚ ਅਰਜ਼ੀਆਂ ਫੜਕੇ ਖੜ੍ਹੇ ਰਹਿਣ।
ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 14 ਮਹੀਨਿਆਂ ਦੇ ਕਾਰਜਕਾਲ ਵਿਚ 500 ਤੋਂ ਵੱਧ ਸਕੂਲਾਂ ਦਾ ਦੌਰਾ ਕੀਤਾ। ਹੁਣ ਕੋਈ ਰੋਸ ਵਿਖਾਵਾ ਨਹੀਂ ਹੈ। ਟੈਂਕੀ ’ਤੇ ਸਿਰਫ਼ ਕੁਝ ਲੋਕ ਚੜ੍ਹੇ ਸਨ। ਕਈ ਮੁਲਾਜ਼ਮਾਂ ਦੀਆਂ ਮੰਗਾਂ ਜਾਇਜ਼ ਸਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਗਰਾਂਟਾਂ ਨਾ ਦੇ ਕੇ ਸਰਕਾਰੀ ਸਕੂਲਾਂ ਦਾ ਬੁਰਾ ਹਾਲ ਕੀਤਾ ਸੀ ਪਰ ਅਧਿਆਪਕਾਂ ਨੇ ਆਪਣੀ ਮਿਹਨਤ ਦੀ ਕਮਾਈ ਅਤੇ ਲੋਕਾਂ ਦੇ ਸਹਿਯੋਗ ਨਾਲ ਸਕੂਲਾਂ ਦੀ ਸਾਂਭ-ਸੰਭਾਲ ਕੀਤੀ। ਉਨ੍ਹਾਂ ਨਾਭਾ ਦੇ ਇਕ ਹਾਈ ਸਕੂਲ ਠੂਈ ਦੀ ਮਿਸਾਲ ਦਿੰਦਿਆਂ ਕਿਹਾ ਕਿ ਇੱਥੋਂ ਦੇ ਅਧਿਆਪਕ ਉਨ੍ਹਾਂ ਬੱਚਿਆਂ ਦੀ ਦੇਖਭਾਲ ਕਰਦੇ ਹਨ, ਜੋ ਗਰੀਬੀ ਕਾਰਨ ਸਿੱਖਿਆ ਹਾਸਲ ਕਰਨ ਤੋਂ ਅਸਮਰੱਥ ਹਨ।