- Updated: September 14, 2026 08:00 PM
ਮਹਾਨਗਰ ਵਿਚ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਗਈ ਵਿਸ਼ੇਸ਼ ਮੁਹਿੰਮ ਤਹਿਤ ਪੰਜਾਬ ਪੁਲਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੂੰ ਵੱਡੀ ਸਫ਼ਲਤਾ ਮਿਲੀ ਹੈ। ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦਿਆਂ ANTF ਦੀ ਟੀਮ ਨੇ ਦੁੱਗਰੀ-ਧਾਂਧਰਾ ਰੋਡ ਇਲਾਕੇ ਵਿਚ ਜਾਲ ਵਿਛਾ ਕੇ ਦੋ ਸ਼ਾਤਰ ਨਸ਼ਾ ਤਸਕਰਾਂ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਦੋਵੇਂ ਦੋਸ਼ੀ ਸਕੇ ਭਰਾ ਹਨ, ਜਿਨ੍ਹਾਂ ਦੇ ਕਬਜ਼ੇ 'ਚੋਂ 1 ਕਿੱਲੋ 21 ਗ੍ਰਾਮ ਹੈਰੋਇਨ ਅਤੇ 41,700 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਸ ਰਿਕਾਰਡ ਅਨੁਸਾਰ ਦੋਵਾਂ ਭਰਾਵਾਂ ਦਾ ਪੁਰਾਣਾ ਅਤੇ ਗੰਭੀਰ ਅਪਰਾਧਿਕ ਇਤਿਹਾਸ ਰਿਹਾ ਹੈ ਅਤੇ ਉਨ੍ਹਾਂ ਖ਼ਿਲਾਫ਼ ਮਹਾਨਗਰ ਦੇ ਵੱਖ-ਵੱਖ ਥਾਣਿਆਂ ਵਿਚ ਦੋ ਦਰਜਨ ਦੇ ਕਰੀਬ ਸੰਗੀਨ ਮਾਮਲੇ ਦਰਜ ਹਨ।
ਮਾਮਲੇ ਦੀ ਜਾਣਕਾਰੀ ਦਿੰਦਿਆਂ ANTF ਦੇ ਇੰਚਾਰਜ ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਐਤਵਾਰ ਨੂੰ ਪੁਲਸ ਪਾਰਟੀ ਨੂੰ ਇੱਕ ਪੁਖ਼ਤਾ ਗੁਪਤ ਸੂਚਨਾ ਮਿਲੀ ਸੀ। ਮੁਖ਼ਬਿਰ ਨੇ ਸੂਚਨਾ ਦਿੱਤੀ ਕਿ ਦੋ ਨਸ਼ਾ ਤਸਕਰ ਦੁੱਗਰੀ-ਧਾਂਧਰਾ ਰੋਡ ਇਲਾਕੇ ਵਿਚ ਹੈਰੋਇਨ ਦੀ ਇਕ ਵੱਡੀ ਖੇਪ ਦੀ ਡਿਲੀਵਰੀ ਦੇਣ ਆ ਰਹੇ ਹਨ। ਸੂਚਨਾ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਟੀਮ ਨੇ ਤੁਰੰਤ ਇਲਾਕੇ ਵਿਚ ਯੋਜਨਾਬੱਧ ਤਰੀਕੇ ਨਾਲ ਨਾਕਾਬੰਦੀ ਅਤੇ ਰੇਡ ਕੀਤੀ। ਇਸ ਦੌਰਾਨ ਪੁਲਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਆਉਂਦੇ ਦੇਖਿਆ। ਪੁਲਸ ਪਾਰਟੀ ਨੂੰ ਸਾਹਮਣੇ ਦੇਖ ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਚੌਕਸ ਜਵਾਨਾਂ ਨੇ ਘੇਰਾਬੰਦੀ ਕਰਕੇ ਦੋਵਾਂ ਨੂੰ ਮੌਕੇ 'ਤੇ ਹੀ ਫੜ ਲਿਆ।
ਜਦੋਂ ਦੋਵਾਂ ਸ਼ੱਕੀਆਂ ਦੀ ਤਲਾਸ਼ੀ ਲਈ ਗਈ, ਤਾਂ ਉਨ੍ਹਾਂ ਕੋਲੋਂ 1 ਕਿੱਲੋ 21 ਗ੍ਰਾਮ ਹੈਰੋਇਨ ਅਤੇ ₹41,700 ਦੀ ਡਰੱਗ ਮਨੀ ਬਰਾਮਦ ਹੋਈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਅਖਿਲੇਸ਼ ਕੁਮਾਰ (37 ਸਾਲ) ਅਤੇ ਅਰਵਿੰਦ ਪਾਲ (31 ਸਾਲ) ਵਜੋਂ ਹੋਈ ਹੈ। ਪੁਲਸ ਪੁੱਛਗਿੱਛ ਵਿਚ ਖ਼ੁਲਾਸਾ ਹੋਇਆ ਕਿ ਦੋਵੇਂ ਸਕੇ ਭਰਾ ਹਨ ਅਤੇ ਪਿਛਲੇ ਕਾਫ਼ੀ ਸਮੇਂ ਤੋਂ ਸੰਗਠਿਤ ਤਰੀਕੇ ਨਾਲ ਮਹਾਨਗਰ ਵਿਚ ਨਸ਼ੇ ਦਾ ਕਾਲਾ ਕਾਰੋਬਾਰ ਚਲਾ ਰਹੇ ਸਨ।
ਦੋਵਾਂ ਭਰਾਵਾਂ 'ਤੇ ਦਰਜ ਹਨ 23 ਸੰਗੀਨ ਮੁਕੱਦਮੇ
ਪੁਲਸ ਦੀ ਮੁੱਢਲੀ ਜਾਂਚ ਵਿਚ ਮੁਲਜ਼ਮਾਂ ਦੀ ਅਪਰਾਧਿਕ ਕੁੰਡਲੀ ਖੰਘਾਲਣ 'ਤੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਦੋਵਾਂ ਭਰਾਵਾਂ 'ਤੇ ਲੁਧਿਆਣਾ ਕਮਿਸ਼ਨਰੇਟ ਦੇ ਵੱਖ-ਵੱਖ ਥਾਣਿਆਂ ਵਿਚ ਕੁੱਲ 23 ਅਪਰਾਧਿਕ ਮਾਮਲੇ ਦਰਜ ਹਨ। ਅਖਿਲੇਸ਼ ਕੁਮਾਰ ਖ਼ਿਲਾਫ਼ ਨਸ਼ਾ ਤਸਕਰੀ (NDPS ਐਕਟ), ਖੂਨੀ ਝਗੜੇ, ਕੁੱਟਮਾਰ ਅਤੇ ਹੋਰ ਸੰਗੀਨ ਧਾਰਾਵਾਂ ਤਹਿਤ 17 ਅਪਰਾਧਿਕ ਕੇਸ ਦਰਜ ਹਨ। ਅਰਵਿੰਦ ਪਾਲ ਖ਼ਿਲਾਫ਼ ਵੀ NDPS ਐਕਟ ਅਤੇ ਕੁੱਟਮਾਰ ਨਾਲ ਜੁੜੇ 6 ਮਾਮਲੇ ਦਰਜ ਹਨ।
ਸਬ-ਇੰਸਪੈਕਟਰ ਨਰੇਸ਼ ਕੁਮਾਰ ਨੇ ਦੱਸਿਆ ਕਿ ਦੋਵਾਂ ਦੋਸ਼ੀਆਂ ਖ਼ਿਲਾਫ਼ NDPS ਐਕਟ ਦੀਆਂ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਹੁਣ ਦੋਸ਼ੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕਰ ਰਹੀ ਹੈ।