ਫ਼ਰੀਦਕੋਟ ’ਚ ਆਹਮੋ-ਸਾਹਮਣੇ ਹੋ ਸਕਦੇ ਨੇ ਅਨਮੋਲ ਤੇ ਹੰਸ

ਫ਼ਰੀਦਕੋਟ ’ਚ ਆਹਮੋ-ਸਾਹਮਣੇ ਹੋ ਸਕਦੇ ਨੇ ਅਨਮੋਲ ਤੇ ਹੰਸ

ਲੋਕ ਸਭਾ ਸੀਟ ਫਰੀਦਕੋਟ ’ਤੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ। ਇਸ ਸੀਟ ’ਤੇ ਆਮ ਆਦਮੀ ਪਾਰਟੀ ਨੇ ਪਹਿਲਾਂ ਹੀ ਮਸ਼ਹੂਰ ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨੂੰ ਮੈਦਾਨ ਵਿਚ ਉਤਾਰ ਦਿੱਤਾ ਹੈ। ਦੂਜੇ ਪਾਸੇ ਭਾਜਪਾ ਨੇ ਫ਼ਰੀਦਕੋਟ ਲੋਕ ਸਭਾ ਹਲਕੇ ਤੋਂ ਹੰਸ ਰਾਜ ਹੰਸ ਨੂੰ ਉਮੀਦਵਾਰ ਐਲਾਨਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜੇ ਹੰਸ ਰਾਜ ਹੰਸ ਫਰੀਦਕੋਟ ਤੋਂ ਚੋਣ ਲੜਦੇ ਹਨ ਤਾਂ ਇਥੇ ਮੁਕਾਬਲਾ ਸਭ ਤੋਂ ਦਿਲਚਸਪ ਹੋਵੇਗਾ ਕਿਉਂਕਿ ਮੁਹੰਮਦ ਸਦੀਕ ਨੇ ਵੀ ਕਾਂਗਰਸ ਹਾਈਕਮਾਂਡ ਕੋਲ ਫਰੀਦਕੋਟ ਲੋਕ ਸਭਾ ਹਲਕੇ ਤੋਂ ਚੋਣ ਲੜਨ ਦੀ ਇੱਛਾ ਪ੍ਰਗਟਾਈ ਹੈ। ਉਹ ਫਰੀਦਕੋਟ ਤੋਂ ਕਾਂਗਰਸ ਪਾਰਟੀ ਦੇ ਮੌਜੂਦਾ ਐੱਮ. ਪੀ. ਵੀ ਹਨ। ਸੂਤਰਾਂ ਮੁਤਾਬਕ ਭਾਜਪਾ ਕੋਲ ਫਰੀਦਕੋਟ ਲੋਕ ਸਭਾ ਹਲਕੇ ਲਈ ਸਥਾਨਕ ਉਮੀਦਵਾਰ ਨਹੀਂ ਹੈ, ਇਸ ਲਈ ਹੰਸ ਰਾਜ ਹੰਸ ਨੂੰ ਇੱਥੋਂ ਤਿਆਰ ਰਹਿਣ ਲਈ ਕਿਹਾ ਗਿਆ ਹੈ। ਭਾਜਪਾ ਦੀ ਸੂਬਾ ਪੱਧਰੀ ਟੀਮ ਹੰਸ ਰਾਜ ਹੰਸ ਨੂੰ ਫਰੀਦਕੋਟ ਤੋਂ ਉਮੀਦਵਾਰ ਐਲਾਨਣ ਲਈ ਹੋਮਵਰਕ ਵੀ ਕਰ ਰਹੀ ਹੈ।

ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਤੋਂ ਲੋਕ ਸਭਾ ਮੈਂਬਰ ਅਤੇ ਸੂਫ਼ੀ ਗਾਇਕ ਹੰਸ ਰਾਜ ਹੰਸ ਨੂੰ ਫਰੀਦਕੋਟ ਲੋਕ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਅਤੇ ਇਸ ਲਈ ਬਾਕਾਇਦਾ ਤੌਰ ’ਤੇ ਹੰਸ ਰਾਜ ਹੰਸ ਨਾਲ ਵਿਚਾਰ ਚਰਚਾ ਹੋ ਗਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਮਾਲਵੇ ਵਿਚ ਮਜ਼ਬੂਤ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰੇਗੀ।